
ਪੰਜਾਬ, ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਤੋਂ ਹਾਜ਼ਰ ਸਨ ਜੱਟ
ਮੇਰਠ (ਉੱਤਰ ਪ੍ਰਦੇਸ਼): ਕੁਲ ਭਾਰਤੀ ਜਾਟ ਮਹਾਸਭਾ ਵਲੋਂ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਸੂਬਾਈ ਕਾਨਫਰੰਸ ਵਿਚ ਜੱਟਾਂ ਨੇ ਇਕ ਵਾਰ ਫਿਰ ਰਾਖਵੇਂਕਰਨ ਲਈ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਹੁਣ ਉਹ ਰਾਖਵੇਂਕਰਨ ਲਈ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਕਾਨਫਰੰਸ ਦੇ ਮੁੱਖ ਬੁਲਾਰੇ ਨਰੇਸ਼ ਟਿਕੈਤ ਨੇ ਜੱਟਾਂ ਲਈ ਰਾਖਵੇਂਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਕੌਮ ਨੇ ਹਰ ਖੇਤਰ ’ਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਰਾਖਵਾਂਕਰਨ ਉਨ੍ਹਾਂ ਦੇ ਸਮਾਜ ਦਾ ਹੱਕ ਹੈ।
ਉਨ੍ਹਾਂ ਕਿਹਾ, ‘‘ਸਾਡਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਜੱਟ ਅਪਣੀ ਹੋਂਦ ਬਚਾਉਣ ਲਈ ਇਕਜੁਟ ਹੋਏ ਹਨ, ਜਾਟਾਂ ਦੇ ਇਤਿਹਾਸ ਨੂੰ ਦਬਾਇਆ ਜਾ ਰਿਹਾ ਹੈ।’’ ਕੁਲ ਭਾਰਤੀ ਜਾਟ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ ਅਤੇ ਸੂਬਾ ਪ੍ਰਧਾਨ ਪ੍ਰਤਾਪ ਚੌਧਰੀ ਨੇ ਕਿਹਾ ਕਿ ਅਸੀਂ ਰਾਖਵਾਂਕਰਨ ਹਰ ਹਾਲਤ ’ਚ ਲਵਾਂਗੇ, ਭਾਵੇਂ ਸਾਨੂੰ ਇਸ ਲਈ ਅੰਦੋਲਨ ਕਰਨਾ ਪਵੇ।
ਸ਼ਗਨ ਫਾਰਮ ਹਾਊਸ, ਕੰਕਰਖੇੜਾ, ਮੇਰਠ ’ਚ ਹੋਈ ਇਸ ਸੂਬਾਈ ਕਾਨਫਰੰਸ ’ਚ ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਦੇ ਕਈ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਰ.ਐਲ.ਡੀ ਦੇ ਕੌਮੀ ਸਕੱਤਰ ਰਾਜਕੁਮਾਰ ਸਾਂਗਵਾਨ ਨੇ ਕਿਹਾ ਕਿ ਸਾਲ 2014 ’ਚ ਚੌਧਰੀ ਅਜੀਤ ਸਿੰਘ ਦੇ ਅਣਥੱਕ ਯਤਨਾਂ ਸਦਕਾ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਜੱਟਾਂ ਨੂੰ ਰਾਖਵਾਂਕਰਨ ਦਿਤਾ ਸੀ ਪਰ ਉਸ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਸੀ। ਜੱਟ ਰਾਖਵਾਂਕਰਨ ਵਾਪਸ ਲੈਣ ਲਈ ਹਰ ਪੱਧਰ ’ਤੇ ਸੰਘਰਸ਼ ਕਰਨਗੇ।
ਇਸ ਮੌਕੇ ਆਲ ਇੰਡੀਆ ਨੈਸ਼ਨਲ ਜਾਟ ਮਹਾਸਭਾ ਦੇ ਸੂਬਾ ਜ਼ਿਲ੍ਹਾ ਕਨਵੀਨਰ ਸੁਧੀਰ ਚੌਧਰੀ ਅਤੇ ਪੰਜਾਬ, ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਤੋਂ ਜਾਟ ਭਾਈਚਾਰੇ ਦੇ ਲੋਕ ਹਾਜ਼ਰ ਸਨ।