ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਖੋਹ ਲਈ ਹੈ ਅਤੇ ਪ੍ਰਧਾਨ ਮੰਤਰੀ ਸੱਚ ਨਹੀਂ ਬੋਲ ਰਹੇ ਹਨ : ਰਾਹੁਲ ਗਾਂਧੀ
ਕਰਗਿਲ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਹੱਦ ਦਾ ਮੁੱਦਾ ਚੁਕਦਿਆਂ ਸ਼ੁਕਰਵਾਰ ਨੂੰ ਕਿਹਾ ਕਿ ਲੱਦਾਖ ’ਚ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ‘ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ’ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਗੱਲ ’ਤੇ ਜ਼ੋਰ ਦੇਣਾ ਕਿ ਇਕ ਇੰਚ ਜ਼ਮੀਨ ਵੀ ਨਹੀਂ ਗਈ, ‘ਬਿਲਕੁਲ ਗ਼ਲਤ’ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਬੁਧਵਾਰ ਨੂੰ ਜੋਹਾਨਸਨਬਰਗ ’ਚ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦਖਣੀ ਅਫ਼ਰੀਕਾ) ਸ਼ਿਖਰ ਸੰਮੇਲਨ ਮੌਕੇ ਗੱਲਬਾਤ ਹੋਈ। ਇਹ ਗੱਲਬਾਤ ਪਹਿਲਾਂ ਤੋਂ ਤੈਅ ਰਸਮੀ ਦੁਵੱਲੀ ਬੈਠਕ ਨਹੀਂ ਸੀ, ਬਲਕਿ ਗ਼ੈਰਰਸਮੀ ਸੀ।
ਲੱਦਾਖ ਦੇ ਅਪਣੇ ਨੌਂ ਦਿਨਾਂ ਦੌਰੇ ਦੇ ਆਖਰੀ ਦਿਨ ਇੱਥੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਅਪਣੇ ਮੋਟਰਸਾਈਕਲ ’ਤੇ ਪਿਛਲੇ ਹਫਤੇ ਪੂਰੇ ਲੱਦਾਖ ਦਾ ਦੌਰਾ ਕੀਤਾ... ਲੱਦਾਖ ਇਕ ਰਣਨੀਤਕ ਸਥਾਨ ਹੈ ਅਤੇ ਜਦੋਂ ਮੈਂ ਪੈਂਗੌਂਗ ਝੀਲ ਖੇਤਰ ’ਚ ਸੀ, ਇਹ ਸਪੱਸ਼ਟ ਸੀ ਕਿ ਚੀਨ ਨੇ ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਬਦਕਿਸਮਤੀ ਨਾਲ, ਪ੍ਰਧਾਨ ਮੰਤਰੀ ਮੀਟਿੰਗ ਦੌਰਾਨ ਬਿਆਨ ਦਿੰਦੇ ਹਨ ਕਿ ਸਾਡੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਖੋਹਿਆ ਗਿਆ, ਜੋ ਕਿ ਬਿਲਕੁਲ ਝੂਠ ਹੈ।’’
ਉਨ੍ਹਾਂ ਦੋਸ਼ ਲਾਇਆ ਕਿ ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਖੋਹ ਲਈ ਹੈ ਅਤੇ ਪ੍ਰਧਾਨ ਮੰਤਰੀ ਸੱਚ ਨਹੀਂ ਬੋਲ ਰਹੇ ਹਨ। ਇਹ ਦੂਜੀ ਵਾਰ ਹੈ ਜਦੋਂ ਕਾਂਗਰਸ ਨੇਤਾ ਗਾਂਧੀ ਨੇ ਲੱਦਾਖ ਦੀ ਅਪਣੀ ਯਾਤਰਾ ਦੌਰਾਨ ਚੀਨ ਸਰਹੱਦ ਦਾ ਮੁੱਦਾ ਉਠਾਇਆ ਹੈ। ਪਿਛਲੇ ਐਤਵਾਰ, ਗਾਂਧੀ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਕਿ ਚੀਨ ਨੇ ਲੱਦਾਖ ਦੀ ਇਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕੀਤਾ ਹੈ, ਸੱਚ ਨਹੀਂ ਹੈ।
ਮਈ, 2020 ’ਚ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਪੂਰਬੀ ਲੱਦਾਖ ’ਚ ਕੁਝ ਥਾਵਾਂ ’ਤੇ ਰੇੜਕਾ ਕਾਇਮ ਹੈ, ਭਾਵੇਂ ਕਿ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ’ਚੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਹੈ।
ਰੈਲੀ ਦੌਰਾਨ, ਗਾਂਧੀ ਨੇ ਲੇਹ ਸਥਿਤ ਸਿਖਰਲੀ ਸੰਸਥਾ ਅਤੇ ਕਾਰਗਿਲ ਡੈਮੋਕਰੇਟਿਕ ਅਲਾਇੰਸ (ਕੇ.ਡੀ.ਏ.) ਨੂੰ ਵੀ ਸਮਰਥਨ ਦਿਤਾ, ਜੋ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਪੂਰਨ ਰਾਜ ਦਾ ਦਰਜਾ ਅਤੇ ਸੁਰੱਖਿਆ ਉਪਾਵਾਂ ਲਈ ਲੜ ਰਹੇ ਹਨ।
ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰੋਤ-ਅਮੀਰ ਜ਼ਮੀਨ ਅਪਣੇ ਕਾਰਪੋਰੇਟ ਮਿੱਤਰ ਨੂੰ ਸੌਂਪਣ ਦੀ ਇਜਾਜ਼ਤ ਨਹੀਂ ਦੇਵੇਗੀ।
ਕਾਂਗਰਸ ਨੇਤਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਰਾਜਨੀਤਿਕ ਪ੍ਰਤੀਨਿਧਤਾ, ਜ਼ਮੀਨ, ਸਭਿਆਚਾਰ ਅਤੇ ਭਾਸ਼ਾ ਦੀ ਸੁਰੱਖਿਆ, ਬੇਰੁਜ਼ਗਾਰੀ, ਕਾਰਗਿਲ ਹਵਾਈ ਅੱਡੇ ਦੇ ਕੰਮ ਨਾ ਕਰਨ ਅਤੇ ਮੋਬਾਈਲ ਫੋਨ ਕਵਰੇਜ ਦੀ ਸਮੱਸਿਆ ਬਾਰੇ ਦੱਸਿਆ।
ਗਾਂਧੀ ਨੇ ਸੰਕਟ ਅਤੇ ਜੰਗ ਦੇ ਸਮੇਂ ਦੇਸ਼ ਦੇ ਨਾਲ ਹਮੇਸ਼ਾ ਖੜ੍ਹੇ ਰਹਿਣ ਲਈ ਕਾਰਗਿਲ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਦੇਸ਼ ਦੇ ਸਾਰੇ ਲੋਕ, ਭਾਵੇਂ ਉਨ੍ਹਾਂ ਦਾ ਧਰਮ, ਭਾਸ਼ਾ ਅਤੇ ਸਭਿਆਚਾਰ ਕੋਈ ਵੀ ਹੋਵੇ, ਸਾਡੇ ਲਈ ਬਰਾਬਰ ਹਨ ਅਤੇ ਅਸੀਂ ਸਾਰੇ ਪਿਆਰ ਅਤੇ ਮਾਣ ਨਾਲ ਰਹਿਣਾ ਚਾਹੁੰਦੇ ਹਾਂ।’’
ਅਪਣੇ 15 ਮਿੰਟਾਂ ਦੇ ਭਾਸ਼ਣ ’ਚ ਰਾਹੁਲ ਗਾਂਧੀ ਨੇ ਲੱਦਾਖ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਖੇਤਰ ਦਸਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੇ ਸੰਸਦ ਸੈਸ਼ਨ ਦੌਰਾਨ ਉਨ੍ਹਾਂ ਦੇ ਸਥਾਨਕ ਅਤੇ ਕੇਂਦਰੀ ਮੁੱਦਿਆਂ ਨੂੰ ਉਠਾਉਣਗੇ।
ਬੇਬੁਨਿਆਦ ਅਤੇ ਬੇਤੁਕੇ ਬਿਆਨ ਦੇਣ ਦੀ ਰਾਹੁਲ ਗਾਂਧੀ ਦੀ ਆਦਤ : ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁਕਰਵਾਰ ਨੂੰ ਰਾਹੁਲ ਗਾਂਧੀ ਦੇ ਇਸ ਦੋਸ਼ ਨੂੰ ਰੱਦ ਕਰ ਦਿਤਾ ਕਿ ਚੀਨ ਨੇ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ ਹੈ ਅਤੇ ਇਸ ਨੂੰ ਬੇਬੁਨਿਆਦ ਅਤੇ ਬੇਤੁਕਾ ਦਸਿਆ ਹੈ। ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਰੋਧੀ ਪਾਰਟੀ ਹੈ ਜਿਸ ਨੇ ਚੀਨ ਦੇ ਮਾਮਲਿਆਂ ’ਚ ‘ਇਤਿਹਾਸਕ, ਨਾ ਮੁਆਫ਼ੀਯੋਗ ਅਪਰਾਧ’ ਕੀਤਾ ਹੈ।
ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਚੋਣਵੇਂ ਕੰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 1952 ’ਚ ਚੀਨੀ ਫੌਜ ਦੀ ਖਪਤ ਲਈ 3,500 ਟਨ ਤੋਂ ਵੱਧ ਚੌਲ ਭੇਜੇ ਸਨ।
ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਜਦੋਂ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸੱਤਾ ’ਚ ਸੀ ਤਾਂ ਚੀਨੀ ਕਮਿਊਨਿਸਟ ਪਾਰਟੀ ਨਾਲ ਹੋਏ ਕਥਿਤ ਸੌਦੇ ਦੇ ਵੇਰਵੇ ਜਾਰੀ ਕੀਤੇ ਜਾਣ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਚੀਨੀ ਫ਼ੌਜ ਨੂੰ ਚਾਵਲ ਭੇਜਣ ਦਾ ਫ਼ੈਸਲਾ ਕੋਈ ਗ਼ਲਤੀ ਨਹੀਂ ਸਗੋਂ ‘ਇਤਿਹਾਸਕ ਅਤੇ ਨਾ ਮੁਆਫ਼ੀਯੋਗ’ ਅਪਰਾਧ ਸੀ ਜਦੋਂ ਚੀਨ ਨਾਲ ਭਾਰਤ ਦੇ ਸਬੰਧ ਤਣਾਅਪੂਰਨ ਹੋਣ ਲੱਗੇ ਸਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਚੀਨ ਬਾਰੇ ਬੇਬੁਨਿਆਦ ਅਤੇ ਬੇਤੁਕੀ ਟਿਪਣੀਆਂ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਭਾਰਤ, ਇਸ ਦੇ ਲੋਕਾਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ’ਤੇ ਅਜਿਹੀਆਂ ਟਿਪਣੀਆਂ ਕਰਦੇ ਰਹੇ ਹਨ।
ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਡੋਕਲਾਮ ਸੰਕਟ ਦੌਰਾਨ ਚੀਨੀ ਰਾਜਦੂਤ ਨਾਲ ਮੁਲਾਕਾਤ ਕੀਤੀ ਸੀ।
ਭਾਜਪਾ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਦੇ ਫੌਜੀ, ਕੂਟਨੀਤਕ ਅਤੇ ਆਰਥਿਕ ਮਾਮਲਿਆਂ ਨੂੰ ਸੰਭਾਲਣ ਵਿਚ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ’ਚ ਰਹਿੰਦਿਆਂ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਰੋਧੀ ਪਾਰਟੀ ਨੂੰ ਭਾਜਪਾ ਤੋਂ ਸਿਖਣਾ ਚਾਹੀਦਾ ਹੈ ਜਿਸ ਨੇ ਸੰਕਟ ਸਮੇਂ ਉਸ ਸਮੇਂ ਦੀਆਂ ਸਰਕਾਰਾਂ ਦਾ ਸਾਥ ਦਿਤਾ, ਚਾਹੇ ਉਹ ਪਾਕਿਸਤਾਨ ਹੋਵੇ ਜਾਂ ਚੀਨ।