
ਅਦਾਲਤ ਨੇ ਪੁਣੇ ਦੇ ਜੋੜੇ ਦੇ ਵਿਆਹ ਨੂੰ ਭੰਗ ਕਰਨ ਦੇ ਪਰਿਵਾਰਕ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ।
ਮੁੰਬਈ: ਇਕ ਮਾਮਲੇ ਦੀ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਬਿਨ੍ਹਾਂ ਸਬੂਤ ਦੇ ਪਤੀ ਦੇ ਚਰਿੱਤਰ ਖ਼ਿਲਾਫ਼ ਬੋਲਣਾ ਅਤੇ ਉਸ ਨੂੰ ਸ਼ਰਾਬੀ ਕਹਿਣਾ ਬੇਰਹਿਮੀ ਦੇ ਬਰਾਬਰ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੁਣੇ ਦੇ ਜੋੜੇ ਦੇ ਵਿਆਹ ਨੂੰ ਭੰਗ ਕਰਨ ਦੇ ਪਰਿਵਾਰਕ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ।
ਜਸਟਿਸ ਨਿਤਿਨ ਜਮਦਾਰ ਅਤੇ ਜਸਟਿਸ ਸ਼ਰਮੀਲਾ ਦੇਸ਼ਮੁਖ ਦੀ ਡਿਵੀਜ਼ਨ ਬੈਂਚ ਨੇ 12 ਅਕਤੂਬਰ ਨੂੰ 50 ਸਾਲਾ ਔਰਤ ਦੀ ਅਪੀਲ ਖਾਰਜ ਕਰਦਿਆਂ ਇਹ ਹੁਕਮ ਸੁਣਾਇਆ ਸੀ। ਮਹਿਲਾ ਪਟੀਸ਼ਨਰ ਨੇ ਪੁਣੇ ਦੀ ਫੈਮਿਲੀ ਕੋਰਟ ਵੱਲੋਂ ਨਵੰਬਰ 2005 ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਵਿਆਹ ਤੋੜਨ ਦੀ ਇਜਾਜ਼ਤ ਦਿੱਤੀ ਸੀ।
ਔਰਤ ਦਾ ਪਤੀ ਸੇਵਾਮੁਕਤ ਫੌਜੀ ਸੀ, ਜਿਸ ਦੀ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਸੀ। ਅਦਾਲਤ ਨੇ ਫਿਰ ਉਸ ਦੇ ਕਾਨੂੰਨੀ ਵਾਰਸ ਨੂੰ ਇਸ ਕੇਸ ਵਿਚ ਜਵਾਬਦੇਹ ਵਜੋਂ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ। ਔਰਤ ਨੇ ਆਪਣੀ ਅਪੀਲ ਵਿਚ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਸ਼ਰਾਬੀ ਅਤੇ ਅੱਯਾਸ਼ ਹੈ, ਜਿਸ ਕਾਰਨ ਉਹ ਆਪਣੇ ਵਿਆਹੁਤਾ ਅਧਿਕਾਰਾਂ ਤੋਂ ਵਾਂਝੀ ਸੀ। ਬੈਂਚ ਨੇ ਪਾਇਆ ਕਿ ਪਤਨੀ ਨੇ ਪਤੀ ਦੇ ਚਰਿੱਤਰ 'ਤੇ ਗੈਰ-ਵਾਜਬ ਅਤੇ ਝੂਠੇ ਦੋਸ਼ ਲਗਾਏ, ਜਿਸ ਨਾਲ ਸਮਾਜ ਵਿਚ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਬੇਰਹਿਮੀ ਦੇ ਬਰਾਬਰ ਹੈ।
ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਔਰਤ ਨੇ ਆਪਣੇ ਬਿਆਨ ਤੋਂ ਇਲਾਵਾ ਦੋਸ਼ਾਂ ਦੇ ਸਮਰਥਨ 'ਚ ਭਰੋਸੇਯੋਗ ਸਬੂਤ ਪੇਸ਼ ਨਹੀਂ ਕੀਤੇ ਸਨ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਔਰਤ ਨੇ ਆਪਣੇ ਪਤੀ 'ਤੇ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾ ਕੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ। ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਸਾਹਮਣੇ ਪਤੀ ਵੱਲੋਂ ਦਿੱਤੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਪਤਨੀ ਨੇ ਉਸ ਨੂੰ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਵੱਖ ਕਰ ਦਿੱਤਾ ਸੀ।