
ਕੀਰਤਨੀਆਂ ਸਾਹਮਣੇ ਹੋਇਆ ਮਰਿਆਦਾ ਦਾ ਘਾਣ, ਵੀਡੀਓ ਜਾਰੀ ਕਰ ਕੀਰਤਨੀ ਸਿੰਘ ਨੇ ਮੰਗੀ ਮੁਆਫ਼ੀ
ਮੱਧ ਪ੍ਰਦੇਸ- ਸ਼ਬਦ ਕੀਰਤਨ 'ਤੇ ਔਰਤਾਂ ਵੱਲੋਂ ਪਾਇਆ ਜਾ ਰਿਹਾ ਇਹ ਗਿੱਧਾ ਕਿਸੇ ਵਿਆਹ ਸਮਾਗਮ ਵਿਚ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਾਇਆ ਜਾ ਰਿਹਾ ਹੈ ਅਤੇ ਸਿੱਖ ਕੀਰਤਨੀਆਂ ਵੱਲੋਂ ਕੀਰਤਨ ਕੀਤਾ ਜਾ ਰਿਹਾ ਹੈ। ਦਰਅਸਲ ਇਹ ਵੀਡੀਓ ਭੋਪਾਲ ਦੀ ਹੈ, ਜਿੱਥੇ ਇਕ ਸਿੰਧੀ ਪਰਿਵਾਰ ਦੇ ਪ੍ਰੋਗਰਾਮ ਵਿਚ ਭਾਈ ਬਲਜੀਤ ਸਿੰਘ ਰਾਗੀ ਕੀਰਤਨ ਕਰ ਰਹੇ ਸਨ ਪਰ ਇਸ ਦੌਰਾਨ ਕੁੱਝ ਔਰਤਾਂ ਨੇ ਕੀਰਤਨ 'ਤੇ ਨੱਚਣਾ ਸ਼ੁਰੂ ਕਰ ਦਿੱਤਾ।
ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜੋ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ। ਇਸ ਮੰਦਭਾਗੀ ਘਟਨਾ 'ਤੇ ਬੋਲਦਿਆਂ ਇਸ ਸਮਾਗਮ ਦੌਰਾਨ ਕੀਰਤਨ ਕਰਨ ਵਾਲੇ ਭਾਈ ਬਲਜੀਤ ਸਿੰਘ ਰਾਗੀ ਨੇ ਇਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗਦਿਆਂ ਆਖਿਆ ਕਿ ਅਜਿਹੀ ਗ਼ਲਤੀ ਦੁਬਾਰਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਦੀ ਗੱਲ ਵੀ ਆਖੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖ ਕੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਅਜਿਹਾ ਕਰਨ ਵਾਲੇ ਕੀਰਤਨੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ
, ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਔਰਤਾਂ ਕੀਰਤਨ 'ਤੇ ਨੱਚਣ ਲੱਗ ਪਈਆਂ ਸਨ ਤਾਂ ਰਾਗੀ ਸਿੰਘ ਨੂੰ ਕੀਰਤਨ ਬੰਦ ਕਰਕੇ ਬਾਹਰ ਚਲੇ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਾ ਕਰਕੇ ਕੀਰਤਨ ਜਾਰੀ ਰੱਖਿਆ ਅਤੇ ਅਪਣੀਆਂ ਅੱਖਾਂ ਸਾਹਮਣੇ ਮਰਿਆਦਾ ਦਾ ਘਾਣ ਹੁੰਦੇ ਵੇਖਿਆ। ਦੇਖਣਾ ਹੋਵੇਗਾ ਕਿ ਇਹ ਰਾਗੀ ਸਿੰਘ ਕਦੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੁੰਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਕੀ ਜੁਰਮਾਨਾ ਲਗਾਇਆ ਜਾਵੇਗਾ।