
ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਬੀਜੇਪੀ ਨੇ ਚਾਹੇ ਬਿਹਾਰ ਵਿਚ ਸੀਟਾਂ ਦਾ ਬਟਵਾਰਾ ਕਰ ਲਿਆ ਹੈ, ਪਰ ਹੁਣ ਪਾਰਟੀ ਦੇ ਅੰਦਰ ਹੀ ਅਸੰਤੋਸ਼ ਦੀ ਲਹਿਰ ਸਾਹਮਣੇ ਆਉਣ ਲੱਗੀ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਬੀਜੇਪੀ ਨੇ ਚਾਹੇ ਬਿਹਾਰ ਵਿਚ ਸੀਟਾਂ ਦਾ ਬਟਵਾਰਾ ਕਰ ਲਿਆ ਹੈ, ਪਰ ਹੁਣ ਪਾਰਟੀ ਦੇ ਅੰਦਰ ਹੀ ਅਸੰਤੋਸ਼ ਦੀ ਲਹਿਰ ਸਾਹਮਣੇ ਆਉਣ ਲੱਗੀ ਹੈ। ਪਟਨਾ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੇ ਹੀ ਦੋ ਦਿੱਗਜ਼ ਨੇਤਾਵਾਂ ਦੇ ਸਮਰਥਕਾਂ ਵਿਚ ਮਾਰਕੁੱਟ ਹੋਈ ਹੈ। ਪਟਨਾ ਏਅਰਪੋਰਟ ਦੇ ਬਾਹਰ ਬੀਜੇਪੀ ਕਰਮਚਾਰੀਆਂ ਦੇ ਸਮੂਹ ਨੇ ਕੇਂਦਰੀ ਮੰਤਰੀ ਅਤੇ ਪਟਨਾ ਸਾਹਿਬ ਤੋਂ ਉਮੀਦਵਾਰ ਰਵੀਸ਼ੰਕਰ ਪ੍ਰਸਾਦ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਸਿਰਫ ਇੰਨਾ ਹੀ ਨਹੀਂ, ਬੀਜੇਪੀ ਕਰਮਚਾਰੀਆਂ ਨੇ ਰਵੀਸ਼ੰਕਰ ਪ੍ਰਸਾਦ ਗੋ ਬੈਕ ਅਤੇ ਆਰਕੇ ਸਿਨਹਾ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਦਰਅਸਲ, ਮੰਗਲਵਾਰ ਨੂੰ ਦੁਪਹਿਰ ਸਮੇਂ ਪਟਨਾ ਏਅਰਪੋਰਟ ‘ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਬੀਜੇਪੀ ਦੇ ਹੀ ਸਾਂਸਦ ਆਰਕੇ ਸਿਨਹਾ ਦੇ ਸਮਰਥਕਾਂ ਦੇ ਵਿਚਕਾਰ ਮਾਰਕੁੱਟ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ਸਭਾ ਸਾਂਸਦ ਆਰਕੇ ਸਿਨਹਾ ਵੀ ਟਿਕਟ ਚਾਹੁੰਦੇ ਸੀ, ਪਰ ਬੀਜੇਪੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਇਹੀ ਵਜ੍ਹਾ ਹੈ ਕਿ ਆਰਕੇ ਸਿਨਹਾ ਦੇ ਸਮਰਥਕਾਂ ਨੇ ਰਵੀਸ਼ੰਕਰ ਪ੍ਰਸਾਦ ਦੇ ਖਿਲਾਫ ਹੱਲਾ ਬੋਲ ਦਿੱਤਾ।
ਦੱਸ ਦਈਏ ਕਿ ਆਰਕੇ ਸਿਨਹਾ ਪ੍ਰਾਈਵੇਟ ਸੁਰੱਖਿਆ ਏਜੰਸੀ ਚਲਾਉਂਦੇ ਹਨ ਅਤੇ ਨਾਲ ਹੀ ਪਟਨਾ ਸਾਹਿਬ ਦੇ ਚੌਕੀਦਾਰਾਂ ਦੀ ਇਕ ਵੱਡੀ ਫੌਜ ਹੈ। ਇਸ ਮਾਰਕੁੱਟ ਦਾ ਇਕ ਵੀਡਿਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਪਟਨਾ ਏਅਰ ਪੋਰਟ ਤੋਂ ਬਾਹਰ ਵੱਡੀ ਗਿਣਤੀ ਵਿਚ ਆਰਕੇ ਸਿਨਹਾ ਦੇ ਸਮਰਥਕ ਦਿਖ ਰਹੇ ਹਨ। ਇਹਨਾਂ ਦੇ ਹੱਥਾਂ ਵਿਚ ਕਾਲੇ ਰੰਗ ਦਾ ਕੱਪੜਾ ਹੈ, ਜਿਸ ਨਾਲ ਰਵੀ ਸ਼ੰਕਰ ਪ੍ਰਸਾਦ ਦਾ ਵਿਰੋਧ ਕਰ ਰਹੇ ਹਨ।
ਦੱਸ ਦਈਏ ਕਿ ਬੀਜੇਪੀ ਨੇ ਇਸ ਵਾਰ ਸ਼ਰੁਤਘਨ ਸਿਨਹਾ ਦੀ ਟਿਕਟ ਕੱਟ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਬੀਜੇਪੀ ਕਰਮਚਾਰੀ ਰਵੀ ਸ਼ੰਕਰ ਪ੍ਰਸਾਦ ਦੀ ਉਮੀਦਵਾਰੀ ‘ਤੇ ਵੀ ਸਵਾਲ ਚੁੱਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਬੀਜੇਪੀ ਨੇ ਕਰਮਚਾਰੀਆਂ ਦਾ ਅਪਮਾਨ ਕੀਤਾ ਹੈ ਅਤੇ ਅਜਿਹੇ ਲੋਕਾਂ ਨੂੰ ਟਿਕਟ ਦਿੱਤੀ ਹੈ ਜੋ ਸਮਾਜ ਵਿਚ ਕਦੀ ਨਹੀਂ ਆਉਂਦੇ।