
ਭਿਖਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਵੀ ਯੋਜਨਾ ਉਹਨਾਂ ਲਈ ਠੀਕ ਨਹੀਂ ਹੈ।
ਲਖਨਊ: ਉਤਰ ਪ੍ਰਦੇਸ਼ ਦੀ ਰਾਜਧਾਨੀ ਵਿਚ ਨਗਰ ਨਿਗਮ ਵੱਲੋਂ ਭੀਖ ਮੰਗਣ ਵਾਲੇ ਲੋਕਾਂ ਨੂੰ ਰੁਜ਼ਗਾਰ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਜੀਵਨ ਵਿਚ ਕੋਈ ਸੁਧਾਰ ਹੋ ਸਕੇ। ਪਰ ਭਿਖਾਰੀ ਕੰਮ ਕਰਨ ਲਈ ਤਿਆਰ ਨਹੀਂ ਹਨ। ਆਸ਼ੂ ਨਾਂਅ ਦੇ ਇਕ 20 ਸਾਲਾ ਭਿਖਾਰੀ ਦਾ ਕਹਿਣਾ ਹੈ ਕਿ ਇਹ ਕੰਮ ਕਰਦਿਆਂ ਉਹਨਾਂ ਨੂੰ 5 ਸਾਲ ਗਏ ਹਨ ਅਤੇ ਉਹਨਾਂ ਨੂੰ ਠੀਕ-ਠਾਕ ਕਮਾਈ ਹੋ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਕੰਮ ਵਿਚ ਨਹੀਂ ਜਾਣਾ ਚਾਹੁੰਦਾ।
Beggars
ਇਸੇ ਤਰ੍ਹਾਂ ਇਕ ਹੋਰ ਭਿਖਾਰੀ ਸੂਰਜ ਨੇ ਕਿਹਾ ਕਿ ਉਹ ਇਸ ਕੰਮ ਨੂੰ ਪਿਛਲੇ 20 ਸਾਲਾਂ ਤੋਂ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਵੀ ਯੋਜਨਾ ਉਹਨਾਂ ਲਈ ਠੀਕ ਨਹੀਂ ਹੈ। ਉਹਨਾਂ ਦੀ ਇਕ ਦਿਨ ਦੀ ਕਮਾਈ ਲਗਭਗ 1500 ਰੁਪਏ ਹੈ। ਸੂਰਜ ਦਾ ਕਹਿਣਾ ਹੈ ਕਿ ਉਸ ਨੇ ਸ਼ੈਲਟਰ ਹਾਊਸ ਵਿਚ ਵੀ ਕੰਮ ਕੀਤਾ ਹੈ ਪਰ ਉਥੇ ਕੰਮ ਜ਼ਿਆਦਾ ਹੈ ਅਤੇ ਜ਼ਿਆਦਾ ਸਮਾਂ ਭੁੱਖੇ ਰਹਿਣਾ ਪੈਂਦਾ ਹੈ। ਇਕ ਹੋਰ ਬਜ਼ੁਰਗ ਭਿਖਾਰੀ ਨੇ ਕਿਹਾ ਕਿ ਉਹ ਇਸ ਕੰਮ ਵਿਚ 40 ਸਾਲਾਂ ਤੋਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕੰਮ ਵਧੀਆ ਲੱਗਦਾ ਹੈ ਅਤੇ ਉਹ ਇਸ ਕੰਮ ਤੋਂ ਖ਼ੁਸ਼ ਹਨ।
Beggars
ਭਿਖਾਰੀ ਦੇ ਜੀਵਨ ‘ਤੇ ਕੰਮ ਕਰਨ ਵਾਲੇ ਇਕ ਪੱਤਰਕਾਰ ਨੇ ਦੱਸਿਆ ਕਿ ਇਹਨਾਂ ਲੋਕਾਂ ਕੋਲ ਬੱਸ ਪਾਸ ਵੀ ਹਨ ਅਤੇ ਇਹ ਹਰ ਰੋਜ਼ ਵੱਖ ਵੱਖ ਥਾਵਾਂ ‘ਤੇ ਭੀਖ ਮੰਗਣ ਜਾਂਦੇ ਹਨ। ਇਹ ਭਿਖਾਰੀ ਕਿਸ ਲਈ ਕੰਮ ਕਰਦੇ ਹਨ, ਇਸ ਬਾਰੇ ਕਿਸੇ ਨੇ ਕੁੱਝ ਨਹੀਂ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਭੀਖ ਮੰਗਣ ਦੀ ਸਮੱਸਿਆ ਦੇ ਹੱਲ ਲਈ ਪਹਿਲਾਂ ਵੀ ਸਰਕਾਰੀ ਅਤੇ ਨਿੱਜੀ ਪੱਧਰ ‘ਤੇ ਕਈ ਯਤਨ ਕੀਤੇ ਜਾ ਚੁੱਕੇ ਹਨ ਪਰ ਇਸ ਵਿਚ ਕਮੀ ਨਹੀਂ ਆ ਰਹੀ। ਭੀਖ ਮੰਗਣ ਵਾਲੇ ਲੋਕਾਂ ਦੇ ਜੀਵਨ ਵਿਚ ਸੁਧਾਰ ਕਰਨ ਲਈ ਬਣਾਈ ਇਕ ਸੰਸਥਾ ਦੇ ਮੁਖੀ ਦਾ ਕਹਿਣਾ ਹੈ ਕਿ ਲਖਨਊ ਵਿਚ ਲਗਭਗ 4500 ਲੋਕ ਇਸ ਕਿੱਤੇ ਨਾਲ ਜੁੜੇ ਹਨ।
Beggars in Uttar Pradesh
ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜ਼ਬਰਦਸਤੀ ਕੰਮ ਨਾਲ ਨਹੀਂ ਜੋੜਿਆ ਜਾ ਸਕਦਾ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੇ ਸਾਥੀਆਂ ਨਾਲ 200 ਤੋਂ ਜ਼ਿਆਦਾ ਭਿਖਾਰੀਆਂ ਦੀ ਕਾਉਸਲਿੰਗ ਕਰਵਾਈ ਅਤੇ ਉਹਨਾਂ ਨੂੰ ਸਵੈ-ਰੁਜ਼ਗਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਨਾਲ ਕਈ ਭਿਖਾਰੀ ਨਿੱਜੀ ਕੰਮਾਂ ਵਿਚ ਲੱਗ ਗਏ। ਉਹਨਾਂ ਕਿਹਾ ਕਿ ਭੀਖ ਮੰਗਣ ਵਾਲੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਦੇ ਘੇਰੇ ਵਿਚ ਲਿਆਉਣਾ ਜਰੂਰੀ ਹੈ। ਜ਼ਿਕਰਯੋਗ ਹੈ ਕਿ ਭਿਖਾਰੀਆਂ ਨੂੰ ਚੌਰਾਹੇ ‘ਤੇ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਨ ਨਾਲ ਵੀ ਕਮਾਈ ਹੁੰਦੀ ਹੈ ਅਤੇ ਉਹ ਇਸ ਤੋਂ ਖੁਸ਼ ਹਨ। ਵੱਡੇ ਹੋਟਲਾਂ ਅਤੇ ਮੰਦਰਾਂ ਦੇ ਬਾਹਰ ਕਿਸੇ ਖ਼ਾਸ ਮੌਕੇ ‘ਤੇ ਉਹਨਾਂ ਨੂੰ ਕਾਫ਼ੀ ਲਾਭ ਹੁੰਦਾ ਹੈ।