
ਦਿੱਲੀ ਦੇ ਵਸੰਤ ਕੁੰਜ ਇਲਾਕੇ 'ਚ ਇਕ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਦੇ ਵਿਰੋਧ 'ਚ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੋਈ.............
ਨਵੀਂ ਦਿੱਲੀ : ਦਿੱਲੀ ਦੇ ਵਸੰਤ ਕੁੰਜ ਇਲਾਕੇ 'ਚ ਇਕ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਦੇ ਵਿਰੋਧ 'ਚ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੋਈ। ਪ੍ਰਦਰਸ਼ਨਕਾਰੀਆਂ ਨੇ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਿਸ ਮੁਲਾਜ਼ਮਾਂ 'ਤੇ ਪੱਥਰਬਾਜ਼ੀ ਕੀਤੀ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ 'ਹਲਕੀ ਤਾਕਤ ਵਰਤੀ'। ਪੱਥਰਬਾਜ਼ੀ 'ਚ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ 20 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਹੈ। ਜ਼ਖ਼ਮੀ ਪੁਲਿਸ ਮੁਲਾਜ਼ਮਾਂ 'ਚ ਦੋ ਸਹਾਇਕ ਪੁਲਿਸ ਕਮਿਸ਼ਨਰ ਸ਼ਾਮਲ ਹਨ। 11 ਸਾਲ ਦੀ ਬੱਚੀ ਨਾਲ ਬਲਾਤਕਾਰ ਵਿਰੁਧ ਪ੍ਰਦਰਸ਼ਨ ਲਈ ਪਹਾੜੀ ਇਲਾਕੇ ਦੀ ਇਕ ਝੁੱਗੀ 'ਚ ਕਾਫ਼ੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ।ਪੁਲਿਸ ਨੂੰ ਵਸੰਤ ਕੁੰਜ 'ਚ ਟ੍ਰੈਫ਼ਿਕ ਜਾਮ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਉੱਥੇ ਪੁੱਜੇ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਦੱਸਣ ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਲਿਆਂ 'ਤੇ ਪੱਥਰਬਾਜ਼ੀ ਕੀਤੀ। ਪਰ ਵਾਰ ਵਾਰ ਅਪੀਲਾਂ ਕਰਨ ਤੋਂ ਬਾਅਦ ਵੀ ਜਦੋਂ ਪ੍ਰਦਰਸ਼ਨਕਾਰੀ ਉਥੋਂ ਨਾ ਹਟੇ ਤਾਂ ਪੁਲਿਸ ਨੂੰ ਤਾਕਤ ਵਰਤਣੀ ਪਈ। ਪ੍ਰਦਰਸ਼ਨ ਦੌਰਾਨ 11 ਨਿਜੀ ਕਾਰਾਂ ਅਤੇ ਇਕ ਪੁਲਿਸ ਦੀ ਗੱਡੀ ਨੂੰ ਨੁਕਸਾਨ ਪੁੱਜਾ ਹੈ। ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ। (ਪੀਟੀਆਈ)