
ਦਿੱਲੀ ਦੇ ਸਕੂਲ ਵਿਚ ਕਥਿਤ ਤੌਰ 'ਤੇ ਬਿਜਲੀ ਦੇ ਮਿਸਤਰੀ ਨੇ ਦੂਜੀ ਜਮਾਤ ਦੀ ਬੱਚੀ ਨਾਲ ਬਲਾਤਕਾਰ ਕਰ ਦਿਤਾ...........
ਨਵੀਂ ਦਿੱਲੀ : ਦਿੱਲੀ ਦੇ ਸਕੂਲ ਵਿਚ ਕਥਿਤ ਤੌਰ 'ਤੇ ਬਿਜਲੀ ਦੇ ਮਿਸਤਰੀ ਨੇ ਦੂਜੀ ਜਮਾਤ ਦੀ ਬੱਚੀ ਨਾਲ ਬਲਾਤਕਾਰ ਕਰ ਦਿਤਾ। ਘਟਨਾ ਨਿਊ ਦਿੱਲੀ ਮਿਊਂਸਪਲ ਕੌਂਸਲ ਵਿਚ ਪੈਂਦੇ ਸਕੂਲ ਦੀ ਹੈ। ਬੁਧਵਾਰ ਨੂੰ ਬੱਚੀ ਸਕੂਲ ਵਿਚੋਂ ਜਾ ਰਹੀ ਸੀ ਜਦ ਮੁਲਜ਼ਮ 37 ਸਾਲਾ ਰਾਮ ਆਸਰਾ ਉਸ ਨੂੰ ਸਕੂਲ ਦੇ ਪੰਪ ਰੂਮ ਵਿਚ ਲੈ ਗਿਆ ਅਤੇ ਉਥੇ ਉਸ ਨਾਲ ਖੇਹ ਖਾਧੀ। ਉਸ ਨੇ ਕੁੜੀ ਨੂੰ ਕਿਹਾ ਕਿ ਜੇ ਉਹ ਇਸ ਘਟਨਾ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਸ ਦੀ ਜਾਨ ਲੈ ਲਵੇਗਾ। ਘਰ ਪੁੱਜਣ ਮਗਰੋਂ ਬੱਚੀ ਦੀ ਮਾਂ ਨੇ ਉਸ ਦੀ ਖ਼ਰਾਬ ਹਾਲਤ ਵੇਖੀ ਅਤੇ ਉਸ ਨੂੰ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਦਸਿਆ ਕਿ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਹੈ।
ਤਦ ਬੱਚੀ ਦੇ ਮਾਪੇ ਪੁਲਿਸ ਕੋਲ ਪਹੁੰਚ ਗਏ ਜਿਸ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਨਡੀਐਮਸੀ ਨੇ ਸਕੂਲ ਦੀ ਮੁਖੀ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਰਾਮ ਆਸਰਾ ਕਰੀਬ ਇਕ ਮਹੀਨੇ ਤੋਂ ਸਕੂਲ ਵਿਚ ਕੰਮ ਕਰ ਰਿਹਾ ਸੀ ਅਤੇ ਐਨਡੀਐਮਸੀ ਦਾ ਪੱਕਾ ਇਲੈਕਟ੍ਰੀਸ਼ਨ ਹੈ। ਸਕੂਲ ਦੇ ਨੁਮਾਇੰਦੇ ਨੇ ਕਿਹਾ ਕਿ ਪੀੜਤਾ ਦੇ ਮਾਪੇ ਉਨ੍ਹਾਂ ਕੋਲ ਕਲ ਸਵੇਰੇ 10 ਵਜੇ ਆਏ ਸਨ।
ਉਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਉਨ੍ਹਾਂ ਦੇ ਸਕੂਲ ਵਿਚ ਕੰਮ ਨਹੀਂ ਕਰਦਾ। ਸਕੂਲ ਦੀ ਪ੍ਰਤੀਨਿਧ ਨੇ ਕਿਹਾ, 'ਘਟਨਾ ਦੁਪਹਿਰ ਡੇਢ ਵਜੇ ਮਗਰੋਂ ਵਾਪਰੀ ਜਦ ਸਕੂਲ ਵਿਚ ਛੁੱਟੀ ਹੋ ਗਈ ਸੀ। ਜਾਂਚ ਜਾਰੀ ਹੈ ਅਤੇ ਅਸੀਂ ਬੱਚੀ ਦੇ ਸੰਪਰਕ ਵਿਚ ਹਾਂ।' ਸਕੂਲ ਦੇ ਕਿਸੇ ਮੁਲਾਜ਼ਮ ਨੇ ਦਸਿਆ ਕਿ ਸਕੂਲ ਵਿਚ ਕੈਮਰੇ ਲੱਗੇ ਹੋਏ ਹਨ ਅਤੇ ਸਕੂਲ ਵਿਚ ਚਾਰ ਗਾਰਡ ਹਮੇਸ਼ਾ ਤੈਨਾਤ ਰਹਿੰਦੇ ਹਨ ਕਿਉਂਕਿ ਇਹ ਕੁੜੀਆਂ ਦਾ ਸਕੂਲ ਹੈ। ਸਕੂਲ ਦੇ ਬਾਹਰ ਮਾਪਿਆਂ ਨੇ ਮੁਜ਼ਾਹਰਾ ਕੀਤਾ ਅਤੇ ਬੱਚਿਆਂ ਦੀ ਸੁਰੱਖਿਆ 'ਤੇ ਸਵਾਲ ਉਠਾਏ। ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਕੋਲੋਂ ਰੀਪੋਰਟ ਮੰਗ ਲਈ ਹੈ। (ਪੀਟੀਆਈ)