
ਕੇਰਲ ਪੁਲਿਸ ਨੇ ਸਬਰੀਮਾਲਾ ਪ੍ਰਦਰਸ਼ਨ ਦੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ..........
ਤਿਰੂਵਨੰਤਪੁਰਮ : ਸਬਰੀਮਾਲਾ ਦੇ ਭਗਵਾਨ ਅਯੱਪਾ ਮਦਰ 'ਚ ਰਜਸਵਲਾ ਉਮਰ (10 ਤੋਂ 50 ਸਾਲ) ਦੀਆਂ ਔਰਤਾਂ ਦੇ ਦਾਖ਼ਲੇ ਵਿਰੁਧ ਪ੍ਰਦਰਸ਼ਨ ਕਰਨ ਵਾਲੇ ਲਗਭਗ 1400 ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸੂਬਾ ਪੁਲਿਸ ਮੁਖੀ ਲੋਕਨਾਥ ਵੋਹਰਾ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਪਿਛਲੇ ਦੋ ਦਿਨਾਂ 'ਚ ਕੀਤੀਆਂ ਗਈਆਂ ਹਨ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹਿੰਸਕ ਘਟਨਾਵਾਂ ਦੇ ਸਿਲਸਿਲੇ 'ਚ 440 ਮਾਮਲਲੇ ਦਰਜ ਕੀਤੇ ਗਏ ਹਨ। ਕੇਰਲ ਦੇ ਰਾਜਪਾਲ ਪੀ. ਸਦਾਸ਼ਿਵਮ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਕੀਤੀ
ਅਤੇ ਉਨ੍ਹਾਂ ਨੂੰ ਸੂਬੇ 'ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਅਤੇ ਅਦਾਲਤ ਦੇ ਫ਼ੈਸਲੇ ਮਗਰੋਂ ਦੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਪੁਲਿਸ ਨੇ ਉਨ੍ਹਾਂ 200 ਤੋਂ ਜ਼ਿਆਦਾ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆ ਹਲ ਜਿਨ੍ਹਾਂ ਦੇ ਪਿਛਲੇ ਹਫ਼ਤੇ ਵਿਰੋਧ ਪ੍ਰਦਰਸ਼ਲਾਂ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਬੁਧਵਾਰ ਨੂੰ ਜਿਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਉਨ੍ਹਾਂ ਦੀ ਪਛਾਣ ਲਈ ਸਾਰੇ ਜ਼ਿਲ੍ਹਿਆਂ 'ਚ ਵਿਸ਼ੇਸ਼ ਟੀਮਾਂ ਬਣਾਈਆਂ ਜਾਣਗੀਆਂ। ਜ਼ਿਲ੍ਹਾ ਪੁਲਿਸ ਅਧਿਕਾਰੀ ਟੀ. ਨਾਰਾਇਣ ਨੇ ਕਿਹਾ ਕਿ ਤਸਵੀਰਾਂ ਸਮੇਤ 210 ਵਿਅਕਤੀਆਂ ਦੀ ਸੂਚੀ ਵੱਖ ਵੱਖ
ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਪਛਾਣ ਲਈ ਭੇਜ ਦਿਤੀ ਗਈ ਹੈ। ਇਸ ਦੌਰਾਨ ਮੰਦਰ ਕੰਪਲੈਕਸ ਦੀ ਸਖ਼ਤ ਸੁਰੱਖਿਆ ਹੇਠ 500 ਤੋਂ ਵੱਖ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਦਾ ਫ਼ੈਸਲਾ ਲਿਆ ਗਿਆ ਹੈ। ਪੁਲਿਸ ਵਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਜਾਣਗੇ। ਹਾਲ ਹੀ ਵਿਚ ਪ੍ਰਦਰਸ਼ਨਕਾਰੀ ਸ਼ਰਧਾਲੂਆਂ ਨੇ 10 ਤੋਂ 50 ਸਾਲ ਦੀ ਉਮਰ ਦੀਆਂ ਤਕਰੀਬਨ ਇਕ ਦਰਜਨ ਔਰਤਾਂ ਦੇ ਮੰਦਰ 'ਚ ਦਾਖ਼ਲੇ 'ਤੇ ਰੋਕ ਲਾਈ ਸੀ। ਸੁਪਰੀਮ ਕੋਰਟ ਵਲੋਂ ਸਾਰੀਆਂ ਮਹਿਲਾਵਾਂ ਦੇ ਦਾਖ਼ਲੇ ਦੀ ਇਜਾਜ਼ਤ ਮਗਰੋਂ ਮੰਦਰ ਦੇ ਗੇਟ ਖੋਲ੍ਹੇ ਗਏ ਸਨ। (ਪੀਟੀਆਈ)