
ਜ਼ਿਮੀਦਾਰ ਇਸ ਫ਼ੈਸਲੇ ਨੂੰ ਪ੍ਰਵਾਨ ਨਹੀਂ ਕਰਨਗੇ : ਪਰਮਿੰਦਰ ਸੋਹਾਣਾ
ਐਸ. ਏ. ਐਸ. ਨਗਰ : ਗਮਾਡਾ ਵਲੋਂ ਅਪ੍ਰੈਲ 2018 ਵਿਚ ਏਅਰਪੋਰਟ ਨੇੜੇ 5300 ਏਕੜ ਜ਼ਮੀਨ ਐਕਵਾਇਰ ਕਰ ਕੇ ਟਾਊਨਸ਼ਿਪ ਵਿਕਾਸ ਕਰਨ ਦੇ ਐਲਾਨ ਤੋਂ ਬਾਅਦ ਹੁਣ ਇਸ ਕੰਮ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਫ਼ੈਸਲੇ ਦਾ ਇਲਾਕੇ ਦੇ ਕਿਸਾਨਾਂ ਵਿਚ ਜ਼ਬਰਦਸਤ ਵਿਰੋਧ ਹੈ। ਇਸ ਵਿਚੋਂ 736 ਏਕੜ ਐਕਵਾਇਰ ਕਰਨ ਦਾ ਨੋਟੀਫ਼ੀਕੇਸ਼ਨ ਕੁੱਝ ਦਿਨ ਪਹਿਲਾਂ ਸਰਕਾਰ ਵਲੋਂ ਕਰ ਦਿਤਾ ਗਿਆ ਹੈ। ਬਾਕੀ 4600 ਏਕੜ ਦਾ ਕੋਈ ਨੋਟੀਫ਼ੀਕੇਸ਼ਨ ਨਹੀਂ ਕੀਤਾ ਜਾ ਰਿਹਾ।
ਇਸ 'ਤੇ ਅਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਚਿਤਾਵਨੀ ਦਿਤੀ ਹੈ ਕਿ ਅਜਿਹਾ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿਤਾ ਜਾਵੇਗਾ ਅਤੇ ਇਸ ਵਿਰੁਧ ਜ਼ਬਰਦਸਤ ਸੰਘਰਸ਼ ਵਿਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਕਿਸਾਨ ਸਿਰਫ਼ ਅਤੇ ਸਿਰਫ਼ ਗਮਾਡਾ ਦੇ ਹੱਥਾਂ ਵਿਚ ਹੀ ਅਪਣਾ ਭਵਿੱਖ ਸੁਰੱਖਿਅਤ ਸਮਝਦਾ ਹੈ ਅਤੇ ਕਿਸੇ ਵੀ ਪ੍ਰਾਈਵੇਟ ਕਾਲੋਨਾਈਜ਼ਰ ਨੂੰ ਜ਼ਮੀਨ ਨਹੀਂ ਦਿਤੀ ਜਾਵੇਗੀ।
ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਭੂ ਮਾਫ਼ੀਆ ਦੇ ਹੱਥੇ ਨਾ ਚੜ੍ਹੋ, ਨਹੀਂ ਤਾਂ ਪਹਿਲਾਂ ਵਾਂਗ ਇਹ ਉਨ੍ਹਾਂ ਲੁੱਟ ਕੇ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਗਮਾਡਾ ਨੇ ਅਪ੍ਰੈਲ ਵਿਚ ਕੈਬਨਿਟ ਵਿਚ ਪਾਸ ਹੋਣ ਉਪਰੰਤ ਸਕੀਮ ਕੱਢੀ ਸੀ ਜਿਸ ਅਧੀਨ ਏਅਰੋਸਿਟੀ 2 ਪ੍ਰਾਜੈਕਟ ਤਹਿਤ ਕਿਸਾਨਾਂ ਤੋਂ ਲੈਂਡ ਪੂਲਿੰਗ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ। ਇਸ ਤੋਂ ਬਾਅਦ ਧਾਰਾ 4 ਤਹਿਤ ਕਿਸਾਨਾਂ ਨੂੰ ਨੋਟਿਸ ਵੀ ਹੋ ਗਿਆ। ਗਮਾਡਾ ਨੇ ਇਸ ਸਬੰਧੀ ਇਸ਼ਤਿਹਾਰਬਾਜ਼ੀ ਵੀ ਕੀਤੀ, ਫ਼ਾਰਮ ਵੀ ਛਾਪੇ ਅਤੇ ਜਿਮੀਂਦਾਰਾਂ ਨੇ ਉਹ ਵੀ ਭਰ ਦਿਤੇ।
ਉਨ੍ਹਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਇਸ ਲੈਂਡ ਪੂਲਿੰਗ ਸਕੀਮ ਨੂੰ ਗਮਾਡਾ ਰਾਹੀਂ ਐਕਵਾਇਰ ਕਰਨ ਦੀ ਥਾਂ ਪ੍ਰਾਈਵੇਟ ਹੱਥਾਂ ਵਿਚ ਕਾਲੋਨੀਜ਼ਰਾਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਰਲ ਸਿਟੀ, ਪ੍ਰੀਤ ਸਿਟੀ ਸਕਾਈਰਾਕ ਸਿਟੀ ਦੇ ਕਾਲੋਨਾਈਜ਼ਰ ਭੋਲੇ ਭਾਲੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਸਿਰਫ਼ ਬਿਆਨੇ ਲਗਾ ਕੇ ਅਦਾਲਤੀ ਚੱਕਰ ਕਟਵਾ ਰਹੇ ਹਨ। ਇਸੇ ਤਰ੍ਹਾਂ ਸਾਂਝੇ ਰਾਸਤੇ (ਗੋਹਰ) ਅੱਜ ਵੀ ਪੁਰਾਣੀਆਂ ਕੰਪਨੀਆਂ ਬਿਨਾਂ ਪੈਸੇ ਦਿਤੇ ਕਬਜ਼ੇ ਕਰ ਕੇ ਬੈਠੇ ਹਨ।
ਉਨ੍ਹਾਂ ਕਿਹਾ ਕਿ ਭੂ-ਮਾਫ਼ੀਆ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਹੀ ਪਹਿਲਾਂ 2001-06 ਦਰਮਿਆਨ ਆਇਆ ਸੀ ਅਤੇ ਜ਼ਮੀਨੀ ਭਾਅ ਉੱਚੇ ਚੁਕੇ ਗਏ। ਹੁਣ ਫਿਰ ਭੂ ਮਾਫ਼ੀਆ ਤਕੜਾ ਹੁੰਦਾ ਜਾ ਰਿਹਾ ਹੈ ਅਤੇ ਮੋਹਾਲੀ ਵਰਗੇ ਹਾਈਟੈੱਕ ਸ਼ਹਿਰ ਵਿਚ ਦਸਤਕ ਦੇਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਦੀ ਸ਼ਹਿ 'ਤੇ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸੈਕਟਰ 88 ਅਤੇ 89, ਜੋ ਕਿ ਗਮਾਡਾ ਵਲੋਂ ਪਹਿਲਾਂ ਹੀ ਐਕਵਾਇਰ ਹਨ ਅਤੇ ਇਸ ਦੀ ਲੈਂਂਡ ਪੂਲਿੰਗ ਦਾ ਲਾਭ ਜਿਮੀਂਦਾਰ ਲੈ ਚੁਕੇ ਹਨ, ਪਰ ਪਿਛਲੇ ਦਿਨੀਂ ਜਦੋਂ ਉਨ੍ਹਾਂ ਦੇ ਡਰਾਅ ਨਿਕਲੇ ਤਾਂ
ਜਿਨ੍ਹਾਂ ਜਿਮੀਂਦਾਰਾਂ ਦੇ ਕਾਰਨਰ ਜਾਂ ਫੇਸਿੰਗ ਪਾਰਕ ਪਲਾਟ ਡਰਾਅ ਵਿਚ ਨਿਕਲੇ, ਉਨ੍ਹਾਂ ਨੂੰ ਗਮਾਡਾ ਵਲੋਂ 10 ਫ਼ੀ ਸਦੀ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਕੱਢੇ ਜਾ ਰਹੇ ਹਨ ਜੋ ਕਿ ਜਿਮੀਂਦਾਰਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪਲਾਟ ਭਾਵੇਂ ਡਰਾਅ ਰਾਹੀਂ ਕੱਢੇ ਗਏ ਹਨ ਪਰ ਇਹ ਲੈਂਡ ਪੂਲਿੰਗ ਤਹਿਤ ਮਿਲੇ ਹਨ, ਅਲਾਟ ਨਹੀਂ ਹੋਏ। ਇਸ ਲਈ ਗਮਾਡਾ ਇਸ ਦਾ ਵਾਧੂ ਪੈਸਾ ਨਹੀਂ ਮੰਗ ਸਕਦਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੋਟਿਸਾਂ ਵਿਰੁਧ ਅਦਾਲਤ ਵਿਚ ਜਾਣਾ ਪਿਆ ਤਾਂ ਇਸ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਸੁੱਚਾ ਸਿੰਘ ਸੈਣੀਮਾਜਰਾ, ਯੂਥ ਆਗੂ ਜਸਪ੍ਰੀਤ ਸਿੰਘ ਸੋਨੀ ਬੜੀ, ਕਰਮਜੀਤ ਸਿੰਘ ਕੰਮਾਂ ਬੜੀ, ਗੁਰਪ੍ਰਾਤ ਸਿੰਘ ਬੜੀ, ਨੰਬਰਦਾਰ ਮੋਹਨ ਸਿੰਘ ਸਿਆਓੂ, ਬਹਾਦਰ ਸਿੰਘ ਪੱਤੋਂ, ਹਰਨੇਕ ਸਿੰਘ ਸਿਆਊ, ਗੁਰਵਿੰਦਰ ਸਿੰਘ ਸਿਆਊ, ਗੁਰਮੀਤ ਸਿੰਘ, ਹਰਚੰਦ ਸਿੰਘ ਪੰਚ, ਅਸ਼ੋਕ ਕਮਾਰ, ਨਰਿੰਦਰ ਸਿੰਘ, ਜੀਤ ਸਿੰਘ ਪੱਤੋਂ, ਦਮਨਪ੍ਰੀਤ ਸਿੰਘ ਪ੍ਰੇਮਗੜ੍ਹ ਹਾਜ਼ਰ ਸਨ।