
ਸਿਆਸੀ ਨਜ਼ਰ ਨਾਲ ਸੰਵੇਦਨਸ਼ੀਲ ਅਯੋਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਚ ਮੰਗਲਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ..........
ਨਵੀਂ ਦਿੱਲੀ : ਸਿਆਸੀ ਨਜ਼ਰ ਨਾਲ ਸੰਵੇਦਨਸ਼ੀਲ ਅਯੋਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਚ ਮੰਗਲਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸੁਪਰੀਮ ਕੋਰਟ ਨੇ ਸਬੰਧਤ ਧਿਰਾਂ ਨੂੰ ਦਹਾਕਿਆਂ ਪੁਰਾਣੇ ਇਸ ਵਿਵਾਦ ਦਾ ਵਿਚੋਲਗੀ ਰਾਹੀਂ ਆਪਸੀ ਸਹਿਮਤੀ ਵਾਲਾ ਹੱਲ ਲੱਭਣ ਦਾ ਸੁਝਾਅ ਦਿਤਾ। ਅਦਾਲਤ ਨੇ ਕਿਹਾ ਕਿ ਇਹ ਰਿਸ਼ਤਿਆਂ ਨੂੰ ਸੁਧਾਰਨ 'ਚ ਮਦਦਗਾਰ ਹੋ ਸਕਦਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਸੁਣਵਾਈ ਦੌਰਾਨ ਸੁਝਾਅ ਦਿਤਾ ਕਿ ਜੇਕਰ ਇਸ ਵਿਵਾਦ ਦਾ ਆਪਸੀ ਸਹਿਮਤੀ ਦੇ ਆਧਾਰ 'ਤੇ ਹੱਲ ਲੱਭਣ ਦੀ ਇਕ ਫ਼ੀ ਸਦੀ ਵੀ ਸੰਭਾਵਨਾ ਹੋਵੇ
ਤਾਂ ਸਬੰਧਤ ਧਿਰਾਂ ਨੂੰ ਵਿਚੋਲਗੀ ਦਾ ਰਸਤਾ ਅਪਨਾਉਣਾ ਚਾਹੀਦਾ ਹੈ। ਸੰਵਿਧਾਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਅਦਾਲਤ ਵਲੋਂ ਨਿਯੁਕਤ ਵਿਚੋਲਿਆਂ ਨੂੰ ਸੌਂਪਣ ਜਾਂ ਨਾ ਸੌਂਪਣ ਬਾਰੇ ਪੰਜ ਮਾਰਚ ਨੂੰ ਹੁਕਮ ਦਿਤਾ ਜਾਵੇਗਾ। ਇਸ ਵਿਵਾਦ ਦਾ ਵਿਚੋਲਗੀ ਰਾਹੀਂ ਹੱਲ ਲੱਭਣ ਦਾ ਸੁਝਾਅ ਬੈਂਚ ਦੇ ਮੈਂਬਰ ਜਸਟਿਸ ਐਸ.ਏ. ਬੋਬਡੇ ਨੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਦਾਇਰ ਅਪੀਲਾਂ 'ਤੇ ਸੁਣਵਾਈ ਦੌਰਾਨ ਦਿਤਾ। ਜਸਟਿਸ ਬੋਬਡੇ ਨੇ ਇਹ ਸੁਝਾਅ ਉਸ ਸਮੇਂ ਦਿਤਾ ਜਦੋਂ ਇਸ ਵਿਵਾਦ ਦੇ ਦੋਹਾਂ ਹਿੰਦੂ ਅਤੇ ਮੁਸਲਮਾਨ ਧਿਰਾਂ ਉੱਤਰ ਪ੍ਰਦੇਸ਼ ਸਰਕਾਰ ਵਲੋਂ ਅਨੁਵਾਦ ਕਰਾਉਣ ਮਗਰੋਂ ਸਿਖਰਲੀ ਅਦਾਲਤ ਦੀ ਰਜਿਸਟਰੀ 'ਚ ਦਾਖ਼ਲ
ਦਸਤਾਵੇਜ਼ਾਂ ਦੀ ਤਸਦੀਕ ਕਰਨ ਨੂੰ ਲੈ ਕੇ ਉਲਝ ਰਹੇ ਸਨ। ਇਸ ਦੌਰਾਨ ਬੈਂਚ ਨੇ ਕਿਹਾ, ''ਅਸੀਂ ਵਿਚੋਲਗੀ ਬਾਰੇ ਸੋਚ ਰਹੇ ਹਾਂ। ਤੁਸੀਂ ਸਾਰਿਆਂ ਨੇ ਇਹ ਸ਼ਬਦ ਪ੍ਰਯੋਗ ਕੀਤਾ ਹੈ ਕਿ ਇਹ ਮਾਮਲਾ ਆਪਾ ਵਿਰੋਧੀ ਨਹੀਂ ਹੈ। ਅਸੀਂ ਵਿਚੋਲਗੀ ਲਈ ਇਕ ਮੌਕਾ ਦੇਣਾ ਚਾਹੁੰਦੇ ਹਾਂ। ਭਾਵੇਂ ਇਸ ਦੀ ਇਕ ਫ਼ੀ ਸਦੀ ਸੰਭਾਵਨਾ ਹੋਵੇ।''
ਸੰਵਿਧਾਨ ਬੈਂਚ ਦੇ ਹੋਰ ਮੈਂਬਰਾਂ 'ਚ ਜਸਟਿਸ ਐਸ.ਏ. ਬੋਬਡੇ, ਜਸਟਿਸ ਧਨੰਜੈ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ. ਅਬਦੁਲ ਨਜ਼ੀਰ ਸ਼ਾਮਲ ਹਨ। ਬੈਂਚ ਨੇ ਕਿਹਾ, ''ਅਸੀਂ ਤੁਹਾਡੀ ਸਲਾਹ ਸੁਣਨਾ ਚਾਹੁੰਦੇ ਹਾਂ।
ਅਸੀਂ ਨਹੀਂ ਚਾਹੁੰਦੇ ਕਿ ਸਾਰੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਲਈ ਕੋਈ ਤੀਜਾ ਧਿਰ ਇਸ ਬਾਰੇ ਟਿਪਣੀ ਕਰੇ।'' ਇਸ ਮਾਮਲੇ 'ਚ ਸੁਣਵਾਈ ਦੌਰਾਨ ਜਿੱਥੇ ਕੁੱਝ ਮੁਸਲਮਾਨ ਧਿਰਾਂ ਨੇ ਹਾ ਕਿ ਉਹ ਜ਼ਮੀਨ ਵਿਵਾਦ ਦਾ ਹੱਲ ਲੱਭਣ ਲਈ ਅਦਾਲਤ ਵਲੋਂ ਵਿਚੋਲਗੀ ਦੀ ਨਿਯੁਕਤੀ ਦੇ ਸੁਝਾਅ ਨਾਲ ਸਹਿਮਤ ਹਨ ਉਥੇ ਰਾਮ ਲਲਾ ਵਿਰਾਜਮਾਨ ਸਮੇਤ ਕੁੱਝ ਹਿੰਦੂ ਪੱਖਕਾਰਾਂ ਨੇ ਇਸ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਵਿਚੋਲਗੀ ਦੀ ਪ੍ਰਕਿਰਿਆ ਪਹਿਲਾਂ ਵੀ ਕਈ ਵਾਰੀ ਅਸਫ਼ਲ ਹੋ ਚੁੱਕੀ ਹੈ। (ਪੀਟੀਆਈ)