
ਰਾਫ਼ੇਲ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ...........
ਨਵੀਂ ਦਿੱਲੀ : ਰਾਫ਼ੇਲ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੇ ਬੁਧਵਾਰ ਨੂੰ ਸਰਕਾਰ 'ਤੇ 'ਸਿਆਸੀ ਕਿੜ ਕੱਢਣ ਲਈ ਪਿੱਛੇ ਪੈਣ' ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਜਪਾ ਜਦੋਂ ਵੀ ਫਸਦੀ ਹੈ ਤਾਂ ਉਨ੍ਹਾਂ ਦਾ ਨਾਂ ਲੈਂਦੀ ਹੈ। ਵਾਡਰਾ ਨੇ ਕਿਹਾ, ''ਝੂਠ ਦੇ ਪੁਲੰਦੇ ਪਿਛੇ ਲੁਕਣ ਦੀ ਬਜਾਏ ਸਰਕਾਰ ਨੂੰ 56 ਇੰਚ ਦੀ ਛਾਤੀ ਨਾਲ ਹਿੰਮਤ ਵਿਖਾਉਣੀ ਚਾਹੀਦੀ ਹੈ ਅਤੇ ਦੇਸ਼ ਨੂੰ ਰਾਫ਼ੇਲ ਬਾਰੇ ਸੱਚ ਦਸਣਾ ਚਾਹੀਦਾ ਹੈ।''
ਜ਼ਿਕਰਯੋਗ ਹੈ ਕਿ ਭਾਜਪਾ ਨੇ ਦੋਸ਼ ਲਾਇਆ ਹੈ ਕਿ ਯੂ.ਪੀ.ਏ. ਸਰਕਾਰ ਵਾਡਰਾ ਦੇ ਮਿੱਤਰ ਸੰਜੇ ਭੰਡਾਰੀ ਦੀ ਕੰਪਨੀ ਨੂੰ ਵਿਚੋਲੀਏ ਵਜੋਂ ਇਸਤੇਮਾਲ ਕਰਨਾ ਚਾਹੁੰਦੀ ਸੀ ਅਤੇ ਜਦੋਂ ਇਹ ਨਹੀਂ ਹੋ ਸਕਿਆ ਤਾਂ ਕਾਂਗਰਸ ਇਸ ਸੌਦੇ ਨੂੰ ਖ਼ਤਮ ਕਰਵਾ ਕੇ ਬਦਲਾ ਲੈਣਾ ਚਾਹੁੰਦੀ ਹੈ। ਉਧਰ ਇਸ ਮਾਮਲੇ 'ਚ ਖੱਬੇ ਪੱਖੀ ਪਾਰਟੀਆਂ ਨੇ ਵੀ ਪੈਂਦਿਆਂ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀਆਂ ਦੇ ਬਿਆਨਾਂ ਨੂੰ ਸਹੀ ਦਸਿਆ ਹੈ। ਸੀ.ਪੀ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਰਾਫ਼ੇਲ ਲੜਾਕੂ ਜਹਾਜ਼ ਖ਼ਰੀਦ ਸੌਦੇ 'ਚ ਘਪਲੇ ਦਾ ਦੋਸ਼ ਲਾਉਂਦਿਆਂ ਕਿਹਾ ਹੈ
ਕਿ ਫ਼ਰਾਂਸ ਦੇ ਰਾਸ਼ਟਰਪਤੀ ਏਮੂਨੁਏਲ ਮੈਕਰੋਨ ਨੇ ਵੀ ਇਸ ਸੌਦੇ ਬਾਰੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਦੇ ਬਿਆਨ ਨੂੰ ਸੱਚ ਦਸਿਆ ਹੈ। ਮੈਕਰੋਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ 'ਚ ਰਾਫ਼ੇਲ ਸੌਦੇ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਭਾਰਤੀ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਰਾਰ 'ਚ ਹਿੱਸੇਦਾਰ ਬਣਾਉਣ ਬਾਰੇ ਕੋਈ ਸਪੱਸ਼ਟ ਜਵਾਬ ਦੇਣ ਤੋਂ ਬਚਦਿਆਂ ਸਿਰਫ਼ ਏਨਾ ਹੀ ਕਿਹਾ ਕਿ ਰਾਫ਼ੇਲ ਕਰਾਰ ਸਰਕਾਰ ਤੋਂ ਸਰਕਾਰ ਵਿਚਕਾਰ ਹੋਇਆ ਸੀ ਅਤੇ ਉਸ ਵੇਲੇ ਉਹ ਸੱਤਾ 'ਚ ਨਹੀਂ ਸਨ। (ਪੀਟੀਆਈ)