
ਹਵਾਈ ਫੌਜ ਮੁਖੀ ਬੀਐਸ ਧਨੋਆ ਨੇ ਸ਼ੁੱਕਰਵਾਰ ਨੂੰ ਚੀਫ਼ ਆਫ ਸਟਾਫ ਕਮੇਟੀ (COSC) ਦੀ ਕਮਾਨ ਫੌਜ ਮੁਖੀ ਬਿਪਨ ਰਾਵਤ ਨੂੰ ਸੌਂਪੀ ਦਿੱਤੀ।
ਨਵੀਂ ਦਿੱਲੀ: ਹਵਾਈ ਫੌਜ ਮੁਖੀ ਬੀਐਸ ਧਨੋਆ ਨੇ ਸ਼ੁੱਕਰਵਾਰ ਨੂੰ ਚੀਫ਼ ਆਫ ਸਟਾਫ ਕਮੇਟੀ (COSC) ਦੀ ਕਮਾਨ ਫੌਜ ਮੁਖੀ ਬਿਪਨ ਰਾਵਤ ਨੂੰ ਸੌਂਪੀ ਦਿੱਤੀ। ਬੀਐਸ ਧਨੋਆ 30 ਸਤੰਬਰ ਨੂੰ ਅਪਣੇ ਅਹੁਦੇ ਤੋਂ ਸੇਵਾ-ਮੁਕਤ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ COSC ਦੇ ਮੁਖੀ ਦਾ ਅਹੁਦਾ ਵੀ ਖਾਲੀ ਹੋ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਹੁਣ ਸੀਨੀਅਰ ਹੋਣ ਦੇ ਨਾਤੇ ਬਿਪਨ ਰਾਵਤ ਸੰਭਾਲਣਗੇ।
BS Dhanoa and Bipin Rawat
ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਏਅਰਚੀਫ਼ ਮਾਰਸ਼ਲ ਬੀਐਸ ਧਨੋਆ ਨੇ ਇਕ ਸਮਾਰੋਹ ਵਿਚ COSC ਚੀਫ਼ ਦੇ ਬੈਟਨ ਨੂੰ ਬਿਪਨ ਰਾਵਤ ਨੂੰ ਪਾਸ ਕੀਤਾ। ਇਸ ਦੌਰਾਨ ਇੱਥੇ ਨੇਵੀ ਮੁਖੀ ਐਡਮਿਰਲ ਕਰਮਬੀਰ ਸਿੰਘ ਵੀ ਮੌਜੂਦ ਰਹੇ। ਦੱਸ ਦਈਏ ਕਿ ਇਹ ਕਮੇਟੀ ਹੁਣ ਫੌਜ ਨਾਲ ਜੁੜੇ ਸਾਰੇ ਵੱਡੇ ਫੈਂਸਲੇ ਲੈਂਦੀ ਹੈ, ਜਿਸ ਦੀ ਅਗਵਾਈ ਦੇਸ਼ ਦੇ ਤਿੰਨ ਫੌਜ ਮੁਖੀਆਂ ਵਿਚੋਂ ਸਭ ਤੋਂ ਸੀਨੀਅਰ ਅਧਿਕਾਰੀ ਕਰਦਾ ਹੈ।
Karambir Singh
ਏਅਰਚੀਫ਼ ਮਾਰਸ਼ਲ ਬੀਐਸ ਧਨੋਆ ਇਸ ਮਹੀਨੇ ਦੇ ਅਖੀਰ ਵਿਚ ਹਵਾਈ ਫੌਜ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ, ਉਹਨਾਂ ਦੀ ਥਾਂ ਆਰਕੇਐਸ ਭਦੌਰੀਆ ਇਸ ਅਹੁਦੇ ਨੂੰ ਸੰਭਾਲਣਗੇ। ਦੱਸ ਦਈਏ ਕਿ 8 ਅਕਤੂਬਰ ਨੂੰ ਹਵਾਈ ਫੌਜ ਦਿਵਸ ਹੈ ਅਜਿਹੇ ਵਿਚ ਇਸ ਵੱਡੇ ਦਿਨ ਤੋਂ ਪਹਿਲਾਂ ਹਵਾਈ ਫੌਜ ਨੂੰ ਉਹਨਾਂ ਦਾ ਨਵਾਂ ਮੁਖੀ ਮਿਲ ਜਾਵੇਗਾ। ਦੱਸ ਦਈਏ ਕਿ ਚੀਫ਼ ਆਫ ਸਟਾਫ਼ ਕਮੇਟੀ ਦੇ ਚੇਅਰਮੈਨ ਕੋਲ ਤਿੰਨੇ ਫੌਜਾਂ ਵਿਚ ਤਾਲਮੇਲ ਨਿਸ਼ਚਿਤ ਕਰਨ ਅਤੇ ਦੇਸ਼ ਦੇ ਸਾਹਮਣੇ ਮੌਜੂਦ ਬਾਹਰੀ ਚੁਣੌਤੀਆਂ ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ।
BS dhanoa
ਜ਼ਿਕਰਯੋਗ ਹੈ ਕਿ ਇਸੇ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਕਰਨ ਦਾ ਐਲਾਨ ਕੀਤਾ ਸੀ। ਇਸ ਦੀ ਮੰਗ ਕਾਰਗਿਲ ਜੰਗ ਤੋਂ ਬਾਅਦ ਹੀ ਹੋ ਰਹੀ ਸੀ। ਭਾਰਤ ਤੋਂ ਇਲਾਵਾ ਕਈ ਦੇਸ਼ਾਂ ਕੋਲ ਚੀਫ਼ ਆਫ ਡਿਫੈਂਸ ਸਟਾਫ਼ ਸਿਸਟਮ ਹੈ, ਜਿਨ੍ਹਾਂ ਵਿਚ ਅਮਰੀਕਾ, ਚੀਨ, ਯੂਕੇ, ਜਪਾਨ ਸਮੇਤ ਦੁਨੀਆਂ ਦੇ ਹੋਰ ਕਈ ਦੇਸ਼ ਸ਼ਾਮਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।