ਪ੍ਰਾਜੈਕਟ ਅਧੀਨ ‘ਬਗ਼ੈਰ ਜਲ ਸਬੰਧੀ ਮੌਸਮ ਅਸਰ ਦੀ ਵਿਸਥਾਰਤ ਸਮਝ ਤੋਂ’ ਕੀਤਾ ਜਾਵੇਗਾ ਪਾਣੀ ਇਧਰੋਂ-ਉਧਰ
ਨਵੀਂ ਦਿੱਲੀ: ਹੜ੍ਹਾਂ ਅਤੇ ਸੋਕੇ ਦੀ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਭਾਰਤ ਦੀ ਉਤਸ਼ਾਹੀ ‘ਨਦੀ ਜੋੜੋ ਯੋਜਨਾ’ ਨਾਲ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਅਤੇ ਮਾਨਸੂਨ ਦਾ ਪੈਟਰਨ ਵੀ ਪ੍ਰਭਾਵਤ ਹੋ ਸਕਦਾ ਹੈ। ਇਹ ਦਾਅਵਾ ‘ਨੇਚਰ’ ਰਸਾਲੇ ’ਚ ਪ੍ਰਕਾਸ਼ਤ ਇਕ ਖੋਜ ਪੱਤਰ ’ਚ ਕੀਤਾ ਗਿਆ ਹੈ। ਖੋਜ ’ਚ ਖੇਤਰੀ ਜਲਵਾਯੂ ਮਾਡਲਾਂ ਅਤੇ ਅੰਕੜਿਆਂ ਦੇ ਪੁਨਰ-ਵਿਸ਼ਲੇਸ਼ਣ ਸਮੇਤ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ’ਚ ਇਨ੍ਹਾਂ ਵਿਸ਼ਾਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਰਾਹੀਂ ਪੈਦਾ ਹੋਣ ਵਾਲੇ ਜਲ-ਮੌਸਮ ਸਬੰਧੀ ਨਤੀਜਿਆਂ ਦੇ ਗੁੰਝਲਦਾਰ ਤੰਤਰ ’ਤੇ ਰੌਸ਼ਨੀ ਪਾਈ ਜਾ ਸਕੇ।
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਮੁੰਬਈ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੀਟਿਓਰੋਲੋਜੀ (ਆਈ.ਆਈ.ਟੀ.ਐਮ.) ਸਮੇਤ ਖੋਜ ’ਚ ਸ਼ਾਮਲ ਵਿਗਿਆਨੀਆਂ ਨੇ ਅਧਿਐਨ ਦੌਰਾਨ ਐਲ ਨੀਨੋ-ਦਖਣੀ ਡੋਲਣ ਵਰਗੀਆਂ ਸਥਿਤੀਆਂ ਨੂੰ ਪ੍ਰਭਾਵਤ ਕਰਨ ਵਾਲੀਆਂ ਜਲਵਾਯੂ ਸਥਿਤੀਆਂ ਦਾ ਮੁਲਾਂਕਣ ਕੀਤਾ।
ਖੋਜਕਰਤਾਵਾਂ ਨੇ ਪਾਇਆ ਕਿ ਪ੍ਰਸਤਾਵਤ ਨਦੀ ਜੋੜੋ ਯੋਜਨਾ ਦੇ ਪੂਰਾ ਹੋਣ ਤੋਂ ਬਾਅਦ, ਅੰਤਰ-ਬੇਸਿਨ ਜਲ ਤਬਦੀਲੀ ਜ਼ਮੀਨ-ਵਾਯੂਮੰਡਲ ਦੇ ਆਪਸੀ ਤਾਲਮੇਲ ਨੂੰ ਵਿਗਾੜ ਸਕਦਾ ਹੈ ਅਤੇ ਹਵਾ ਤੇ ਹਵਾ ’ਚ ਨਮੀ ਦੇ ਪੱਧਰ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਨਾਲ ਦੇਸ਼ ’ਚ ਮੀਂਹ ਦਾ ਪੈਟਰਨ ਬਦਲ ਸਕਦਾ ਹੈ।
ਖੋਜਕਰਤਾਵਾਂ ਨੇ ਅਪਣੇ ਖੋਜ ਪੱਤਰ ’ਚ ਲਿਖਿਆ, ‘‘ਖੋਜ ਦੇ ਨਤੀਜੇ ਦਰਸਾਉਂਦੇ ਹਨ ਕਿ ਭਾਰਤ ਦੇ ਵਿਸ਼ਾਲ ਨਦੀ ਜੋੜੋ ਪ੍ਰਾਜੈਕਟਾਂ ਦਾ ਮਹੱਤਵਪੂਰਨ ਅਸਰ ਹੋਵੇਗਾ।’’ ਉਨ੍ਹਾਂ ਕਿਹਾ, ‘‘ਪ੍ਰਸਤਾਵਿਤ ਪ੍ਰਾਜੈਕਟ ’ਚ ਜ਼ਿਆਦਾ ਪਾਣੀ ਵਾਲੇ ਨਦੀ ਬੇਸਿਨ ਤੋਂ ਘੱਟ ਪਾਣੀ ਵਾਲੇ ਨਦੀ ਬੇਸਿਨ ’ਚ ਜਲ ਭੰਡਾਰਾਂ ਅਤੇ ਨਹਿਰਾਂ ਰਾਹੀਂ ਪਾਣੀ ਦਾ ਤਬਾਦਲਾ ਬਗ਼ੈਰ ਜਲ ਸਬੰਧੀ ਮੌਸਮ ਅਸਰ ਦੀ ਵਿਸਥਾਰਤ ਸਮਝ ਤੋਂ ਕੀਤਾ ਜਾਵੇਗਾ।’’
ਖੋਜਕਰਤਾਵਾਂ ਨੇ ਕਿਹਾ ਕਿ ਖੋਜ ’ਚ ਇਕ ਸਭ ਤੋਂ ਚਿੰਤਾਜਨਕ ਪਹਿਲੂ ਸਾਹਮਣੇ ਆਇਆ ਹੈ ਕਿ ਤਬਦੀਲ ਕੀਤੇ ਪਾਣੀ ਨਾਲ ਸਿੰਚਾਈ ਵਾਲੇ ਰਕਬੇ ਦੇ ਵਧਣ ਤੋਂ ਪਹਿਲਾਂ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਖੇਤਰਾਂ ’ਚ ਸਤੰਬਰ ’ਚ ਮੀਂਹ ਲਗਭਗ 12 ਫੀ ਸਦੀ ਤਕ ਘੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੇ ਦੇਸ਼ ’ਚ ਪਾਣੀ ਦਾ ਸੰਕਟ ਹੋਰ ਵਧ ਸਕਦਾ ਹੈ। ਇਸ ਅਧਿਐਨ ਟੀਮ ’ਚ ਹੈਦਰਾਬਾਦ ਯੂਨੀਵਰਸਿਟੀ ਅਤੇ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਵਿਗਿਆਨੀ ਵੀ ਸ਼ਾਮਲ ਸਨ।