ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਤੀਜਾ ਤੇ ਆਖ਼ਰੀ ਮੈਚ ਰਾਜਕੋਟ ’ਚ ਖੇਡਿਆ ਗਿਆ
ਰਾਜਕੋਟ: ਭਾਰਤ ਤੇ ਆਸਟਰੇਲੀਆ ਦਰਮਿਆਨ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਤੀਜਾ ਤੇ ਆਖ਼ਰੀ ਮੈਚ ਰਾਜਕੋਟ ’ਚ ਖੇਡਿਆ ਗਿਆ ਜਿਸ ਨੂੰ ਜਿੱਤ ਕੇ ਆਸਟਰੇਲੀਆ ਨੇ ਥੋੜ੍ਹੀ ਜਿਹੀ ਇੱਜ਼ਤ ਬਚਾ ਲਈ ਤੇ ਭਾਰਤੀ ਟੀਮ ਕਲੀ ਸਵੀਪ ਤੋਂ ਖੁੰਝ ਗਈ।
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ’ਚ 7 ਵਿਕਟਾਂ ਗੁਆ ਕੇ 352 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 353 ਦੌੜਾਂ ਦਾ ਟੀਚਾ ਦਿਤਾ। ਆਸਟਰੇਲੀਆ ਲਈ ਮਿਸ਼ੇਲ ਮਾਰਸ਼ ਨੇ 96 ਦੌੜਾਂ, ਵਾਰਨਰ ਨੇ 56 ਦੌੜਾਂ ਤੇ ਸਟੀਵ ਸਮਿਥ ਨੇ 74 ਦੌੜਾਂ ਤੇ ਲਾਬੁਸ਼ੇਨ ਨੇ 72 ਦੌੜਾਂ ਬਣਾਈਆਂ। ਭਾਰਤ ਲਈ ਬੁਮਰਾਹ ਨੇ 3, ਸਿਰਾਜ ਨੇ 1 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵਾਸ਼ਿੰਗਟਨ ਸੁੰਦਰ 18 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਰੋਹਿਤ ਸ਼ਰਮਾ 81 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਰੋਹਿਤ ਨੇ 57 ਗੇਂਦਾਂ ’ਤੇ 5 ਚੌਕੇ ਤੇ 6 ਛਿੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਵਿਰਾਟ ਕੋਹਲੀ 56 ਦੌੜਾਂ ਬਣਾ ਮੈਕਸਵੈੱਲ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਸ਼ੇਅਸ ਅਈਅਰ ਤੇ ਰਾਹੁਲ ਨੇ ਮੈਚ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਨ ਰੇਟ ਵਧ ਜਾਣ ਦੇ ਦਬਾਅ ਹੇਠ ਉਹ ਅਪਣੀ ਵਿਕਟ ਗੁਆ ਬੈਠੇ ਤੇ ਪਿਛਲੇ ਮੈਚ ਦੇ ਨਾਇਕ ਰਹੇ ਸੂਰਿਆ ਕੁਮਾਰ ਯਾਦਵ ਵੀ ਕੇਵਲ 8 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਕੋਸ਼ਿਸ਼ ਕੀਤੀ ਪਰ ਉਹ ਵੀ 35 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ ਵਿਕਟਾਂ ਦਾ ਪਤਨ ਹੁੰਦਾ ਗਿਆ ਤੇ ਪੂਰੀ ਟੀਮ 266 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਆਸਟਰੇਲੀਆ ਦੀ ਟੀਮ 66 ਦੌੜਾਂ ਨਾਲ ਇਹ ਮੈਚ ਜਿੱਤ ਗਈ। (ਏਜੰਸੀ)