
ਦੇਸ਼ ਵਿਚ ਹੁਣ ਤੱਕ ਸਿਰਫ ਤਿੰਨ ਫੀਸਦੀ ਅਬਾਦੀ ਨੂੰ ਲੱਗਿਆ ਕੋਰੋਨਾ ਦਾ ਟੀਕਾ- ਰਾਹੁਲ ਗਾਂਧੀ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ, ‘ਕੋਰੋਨਾ ਦੀ ਦੂਜੀ ਲਹਿਰ ਪ੍ਰਧਾਨ ਮੰਤਰੀ ਦੀ ਨੌਟੰਕੀ ਕਾਰਨ ਆਈ ਹੈ, ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ, ਉਸ ਨੂੰ ਬਦਲਣਾ ਪਵੇਗਾ’।
Rahul Gandhi and PM Modi
ਰਾਹੁਲ ਗਾਂਧੀ ਨੇ ਕਿਹਾ, ‘ਮੋਦੀ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਕਈ ਵਾਰ ਸੁਚੇਤ ਕੀਤਾ ਗਿਆ ਪਰ ਉਸ ਦੇ ਬਦਲੇ ਮੇਰਾ ਮਜ਼ਾਕ ਉਡਾਇਆ ਗਿਆ। ਸਰਕਾਰ ਨੇ ਕੋਰੋਨਾ ਨੂੰ ਹਰਾ ਦੇਣ ਦਾ ਐਲਾਨ ਕੀਤਾ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਸਮਝ ਨਹੀਂ ਆਇਆ। ਕੋਰੋਨਾ ਸਿਰਫ਼ ਇਕ ਬਿਮਾਰੀ ਨਹੀਂ ਬਲਕਿ ਇਹ ਇਕ ਬਦਲਦੀ ਹੋਈ ਬਿਮਾਰੀ ਹੈ’।
Corona Virus
ਕਾਂਗਰਸ ਆਗੂ ਨੇ ਕਿਹਾ ਕਿ, ‘ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਇਸ ਵਾਇਰਸ ਨੂੰ ਜਿੰਨੀ ਥਾਂ ਮਿਲੇਗੀ, ਓਨਾ ਹੀ ਖਤਰਨਾਕ ਹੋਵੇਗਾ। ਕੋਰੋਨਾ ਦੀ ਥਾਂ ਰੋਕਣ ਦਾ ਤਰੀਕਾ ਕੀ ਹੈ? ਕੋਰੋਨਾ ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਕੋਲ ਭੋਜਨ ਨਹੀਂ ਹੈ, ਜੋ ਕਮਜ਼ੋਰ ਹੈ ਉਹਨਾਂ ’ਤੇ ਹਮਲਾ ਕਰਦਾ ਹੈ’। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਸਿਰਫ ਤਿੰਨ ਫੀਸਦੀ ਅਬਾਦੀ ਨੂੰ ਹੀ ਕੋਰੋਨਾ ਦਾ ਟੀਕਾ ਲੱਗਿਆ ਹੈ। ਮਤਲਬ 97ਫੀਸਦੀ ਨੂੰ ਕੋਰੋਨਾ ਹੋ ਸਕਦਾ ਹੈ।
Corona vaccine
ਉਹਨਾਂ ਕਿਹਾ ਕਿ ਜਲਦ ਤੋਂ ਜਲਦ ਜ਼ਿਆਦਾ ਵੈਕਸੀਨੇਸ਼ਨ ਕਰਕੇ ਅਸੀਂ ਮਹਾਂਮਾਰੀ ਨੂੰ ਹਰਾ ਸਕਦੇ ਹਾਂ। ਦੁਨੀਆਂ ਭਰ ਦੇ ਦੇਸ਼ਾਂ ਵਿਚ ਵਾਇਰਸ ਕਿਵੇਂ ਫੈਲਿਆ ਅਤੇ ਇਸ ਨਾਲ ਕਿਵੇਂ ਜੰਗ ਲੜੀ ਜਾ ਰਹੀ ਹੈ, ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਰਾਹੁਲ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ, ‘ਤੁਹਾਡੇ ਕੰਮ ਕਰਨ ਦੇ ਤਰੀਕੇ ਨਾਲ ਲੱਖਾਂ ਲੋਕ ਮਰ ਰਹੇ ਹਨ’।
Rahul Gandhi and PM Modi
ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਸਰਕਾਰੀ ਅੰਕੜਿਆਂ ਨਾਲ ਜੁੜੇ ਸਵਾਲ ’ਤੇ ਰਾਹੁਲ ਨੇ ਕਿਹਾ, ‘ਮੈਂ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਸਰਕਾਰ ਦੇ ਅੰਕੜੇ ਝੂਠੇ ਹਨ। ਮੈਂ ਸਾਡੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਜਨਤਾ ਦੇ ਸਾਹਮਣੇ ਸਹੀ ਅੰਕੜੇ ਰੱਖੋ। ਕੋਰੋਨਾ ਦੇ ਸਹੀ ਅੰਕੜੇ ਹੀ ਸਾਨੂੰ ਇਸ ਬਿਮਾਰੀ ਨੂੰ ਹਰਾਉਣ ਵਿਚ ਮਦਦ ਕਰਨਗੇ’।