ਵੱਖ-ਵੱਖ ਇਲਾਕਿਆਂ ਵਿਚ ਦੰਗਾ ਵਿਰੋਧੀ ਵਾਹਨ ਅਤੇ ਡਰੋਨ ਤਾਇਨਾਤ
ਨੂਹ: ‘ਸਰਵ ਜਾਤੀ ਹਿੰਦੂ ਮਹਾਪੰਚਾਇਤ’ ਵਲੋਂ ਸੋਮਵਾਰ ਨੂੰ ਸ਼ੋਭਾ ਕੱਢਣ ਦੇ ਸੱਦੇ ਦੇ ਮੱਦੇਨਜ਼ਰ ਨੂਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਅਤੇ ਦੰਗਾ ਵਿਰੋਧੀ ਵਾਹਨ ਅਤੇ ਡਰੋਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿਤੀ ਹੈ। ਸੋਮਵਾਰ ਸਵੇਰੇ ਪ੍ਰਸ਼ਾਸਨ ਨੇ 10-15 ਸੰਤਾਂ ਨੂੰ ਜਲਭਿਸ਼ੇਕ ਲਈ ਨਲਹਾਰੇਸ਼ਵਰ ਮੰਦਰ ਜਾਣ ਦੀ ਇਜਾਜ਼ਤ ਦਿਤੀ। ਇਨ੍ਹਾਂ ਤੋਂ ਇਲਾਵਾ ਹਿੰਦੂ ਸੰਗਠਨਾਂ ਦੇ 13 ਲੋਕਾਂ ਨੂੰ ਵੀ ਇਜਾਜ਼ਤ ਮਿਲੀ ਹੈ। ਪੁਲਿਸ 3 ਗੱਡੀਆਂ 'ਚ ਲੋਕਾਂ ਨੂੰ ਨੂਹ ਬਾਈਪਾਸ ਤੋਂ ਨਲਹਾਰੇਸ਼ਵਰ ਮੰਦਰ ਲੈ ਗਈ। ਇਨ੍ਹਾਂ 'ਚ ਕਰੀਬ 51 ਲੋਕ ਸਨ। ਮੰਦਰ ਦੇ ਡੇਢ ਕਿਲੋਮੀਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ ਸਿਵਲ ਹਸਪਤਾਲ ’ਚ ਲਾਪਰਵਾਹੀ! ਮਰੀਜ਼ ਦੀ ਸਟ੍ਰੈਚਰ ਤੋਂ ਡਿੱਗਣ ਕਾਰਨ ਮੌਤ
ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੱਦੇ ’ਤੇ ਅਯੁੱਧਿਆ ਤੋਂ ਆਏ ਸੀਰ ਜਗਦਗੁਰੂ ਪਰਮਹੰਸ ਆਚਾਰੀਆ ਮਹਾਰਾਜ ਨੂੰ ਪ੍ਰਸ਼ਾਸਨ ਨੇ ਸੋਹਨਾ ਟੋਲ ਪਲਾਜ਼ਾ ’ਤੇ ਰੋਕ ਦਿਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਅਯੁੱਧਿਆ ਤੋਂ ਇਥੇ ਆਇਆ ਹਾਂ, ਪ੍ਰਸ਼ਾਸਨ ਨੇ ਸਾਨੂੰ ਇਥੇ ਰੋਕ ਦਿਤਾ ਹੈ, ਉਹ ਸਾਨੂੰ ਅੱਗੇ ਵਧਣ ਨਹੀਂ ਦੇ ਰਹੇ ਹਨ ਅਤੇ ਨਾ ਹੀ ਉਹ ਸਾਨੂੰ ਵਾਪਸ ਜਾਣ ਦੇ ਰਹੇ ਹਨ। ਇਸ ਲਈ ਮੈਂ ਮਰਨ ਵਰਤ ਰੱਖ ਰਿਹਾ ਹਾਂ”। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ (ਪ੍ਰਸ਼ਾਸ਼ਨ) ਮੈਨੂੰ ਕਿਤੇ ਹੋਰ ਲੈ ਜਾਣਗੇ, ਮੈਂ ਉਥੇ ਵੀ ਮਰਨ ਵਰਤ ਰੱਖਾਂਗਾ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਮੁੜ ਸ਼ੁਰੂ
ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਸੋਮਵਾਰ ਨੂੰ ਵਿਦਿਅਕ ਸੰਸਥਾਵਾਂ ਅਤੇ ਬੈਂਕਾਂ ਨੂੰ ਬੰਦ ਰੱਖਣ ਦੇ ਹੁਕਮ ਦਿਤੇ ਹਨ। ਫਿਰਕੂ ਤੌਰ 'ਤੇ ਸੰਵੇਦਨਸ਼ੀਲ ਜ਼ਿਲ੍ਹੇ ਵਿਚ ਮੋਬਾਈਲ ਇੰਟਰਨੈਟ ਅਤੇ 'ਬਲਕ ਐਸ.ਐਮ.ਐਸ.' ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਕਿਸੇ ਵੀ ਬਾਹਰੀ ਵਿਅਕਤੀ ਨੂੰ ਨੂਹ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਅਤੇ ਜ਼ਿਲ੍ਹੇ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿਤਾ ਗਿਆ ਹੈ। ਹਰਿਆਣਾ ਪੁਲਿਸ ਦੇ ਜਵਾਨ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੂਦ ਬਾਗ਼ ਘੁਟਾਲੇ ਨੂੰ ਠੰਢੇ ਬਸਤੇ ’ਚ ਪਾਉਣ ਦੀ ਤਿਆਰੀ! ਜਾਂਚ ਵਿਚਾਲੇ ਸੜਕ ਬਣਾਉਣ ਲਈ ਲਗਾਇਆ ਟੈਂਡਰ
ਅਧਿਕਾਰੀਆਂ ਨੇ ਦਸਿਆ ਕਿ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਸਰਹੱਦਾਂ 'ਤੇ ਵੀ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। ਪੁਲਿਸ ਨੇ ਵੱਖ-ਵੱਖ ਪੁਆਇੰਟਾਂ 'ਤੇ ਬੈਰੀਕੇਡ ਲਗਾਏ ਹਨ ਅਤੇ ਸੁਰੱਖਿਆ ਬਲ ਨੂਹ ਵਿਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਵੀ.ਐਚ.ਪੀ. ਦੀ ਯਾਤਰਾ ’ਤੇ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਨੂਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ’ਚ ਫਿਰਕੂ ਝੜਪਾਂ ’ਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ।