
ਬਦਕਾਰੀ ਨੂੰ ਅਪਰਾਧ ਦੀ ਸ਼੍ਰੇਣੀ ਵਿਚੋਂ ਬਾਹਰ ਕਰਨ ਦੇ ਫ਼ੈਸਲੇ ਨੂੰ ਕੁੱਝ ਮਾਹਰਾਂ ਨੇ ਔਰਤ-ਵਿਰੋਧੀ ਦਸਿਆ ਹੈ..........
ਨਵੀਂ ਦਿੱਲੀ : ਬਦਕਾਰੀ ਨੂੰ ਅਪਰਾਧ ਦੀ ਸ਼੍ਰੇਣੀ ਵਿਚੋਂ ਬਾਹਰ ਕਰਨ ਦੇ ਫ਼ੈਸਲੇ ਨੂੰ ਕੁੱਝ ਮਾਹਰਾਂ ਨੇ ਔਰਤ-ਵਿਰੋਧੀ ਦਸਿਆ ਹੈ ਅਤੇ ਚੇਤਾਵਨੀ ਦਿਤੀ ਹੈ ਕਿ ਇਹ ਨਾਜਾਇਜ਼ ਸਬੰਧਾਂ ਲਈ ਲੋਕਾਂ ਨੂੰ ਲਾਇਸੰਸ ਦੇਵੇਗਾ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਬਦਕਾਰੀ ਨੂੰ ਅਪਰਾਧ ਦੀ ਸ਼੍ਰੇਣੀ ਵਿਚੋਂ ਬਾਹਰ ਕਰਨ ਨਾਲ ਦੇਸ਼ ਵਿਚ ਔਰਤਾਂ ਦੀ ਪੀੜ ਹੋਰ ਵਧਣ ਵਾਲੀ ਹੈ। ਉਨ੍ਹਾਂ ਕਿਹਾ, 'ਮੈਂ ਇਸ ਫ਼ੈਸਲੇ ਨਾਲ ਅਸਹਿਮਤ ਹਾਂ। ਫ਼ੈਸਲਾ ਮਹਿਲਾ ਵਿਰੋਧੀ ਹੈ। ਇਸ ਦੇਸ਼ ਦੇ ਲੋਕਾਂ ਨੂੰ ਵਿਆਹੁਤਾ ਰਹਿੰਦਿਆਂ ਨਾਜਾਇਜ਼ ਸਬੰਧ ਰੱਖਣ ਦਾ ਖੁਲ੍ਹਾ ਲਾਇਸੰਸ ਦੇ ਦਿਤਾ ਹੈ।
ਇੰਜ ਵਿਆਹ ਨਾਮ ਦੀ ਸੰਸਥਾ ਦੀ ਕੀ ਪਵਿੱਤਰਤਾ ਰਹਿ ਜਾਂਦੀ ਹੈ?' ਸਮਾਜਕ ਕਾਰਕੁਨ ਬਿੰਦਰਾ ਅਡਿੱਗੇ ਨੇ ਇਸ ਨੂੰ ਸਪੱਸ਼ਟ ਕਰਨ ਦੀ ਮੰਗ ਕਰਦਿਆਂ ਪੁਛਿਆ ਕਿ ਕੀ ਇਹ ਫ਼ੈਸਲਾ ਬਹੁਵਿਆਹ ਦੀ ਵੀ ਇਜਾਜ਼ਤ ਦਿੰਦਾ ਹੈ? ਉਨ੍ਹਾਂ ਕਿਹਾ, 'ਅਸੀਂ ਜਾਣਦੇ ਹਾਂ ਕਿ ਪੁਰਸ਼ ਅਕਸਰ ਹੀ ਦੋ ਤਿੰਨ ਵਿਆਹ ਕਰ ਲੈਂਦੇ ਹਨ ਅਤੇ ਤਦ ਬਹੁਤ ਜ਼ਿਆਦਾ ਸਮੱਸਿਆ ਪੈਦਾ ਹੋ ਜਾਂਦੀ ਹੈ ਜਦ ਪਹਿਲੀ, ਦੂਜੀ ਜਾਂ ਤੀਜੀ ਪਤਨੀ ਨੂੰ ਛੱਡ ਦਿਤਾ ਜਾਂਦਾ ਹੈ।' ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਕਿਹਾ ਇਹ ਤਿੰਨ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਪਾਉਣ ਵਰਗਾ ਹੈ। ਅਦਾਲਤ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। (ਏਜੰਸੀ)