
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਮਿਲਣ ਆਏ 39 ਸਾਲ ਦੇ ਇਕ ਵਿਅਕਤੀ ਕੋਲੋਂ ਜਾਂਚ ਦੌਰਾਨ...........
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਮਿਲਣ ਆਏ 39 ਸਾਲ ਦੇ ਇਕ ਵਿਅਕਤੀ ਕੋਲੋਂ ਜਾਂਚ ਦੌਰਾਨ ਇਕ ਕਾਰਤੂਸ ਮਿਲਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦਸਿਆ ਕਿ ਕਰੋਲਬਾਗ ਦੀ ਇਕ ਮਸਜਿਦ ਦੇ ਮੁਅਜ਼ਿਮ ਸੀਲਮਪੁਰ ਨਿਵਾਸੀ ਮੁਹੰਮਦ ਇਮਰਾਨ ਨੂੰ ਮੁੱਖ ਮੰਤਰੀ ਦੇ ਘਰ ਤੋਂ ਜਨਤਾ ਦਰਬਾਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਹਫ਼ਤੇ ਇਕ ਵਿਅਕਤੀ ਨੇ ਦਿੱਲੀ ਸਕੱਤਰੇਤ ਵਿਚ ਕੇਜਰੀਵਾਲ 'ਤੇ ਮਿਰਚ ਪਾਊਡਰ ਸੁੱਟ ਦਿਤਾ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਮਰਾਨ ਸਵੇਰੇ 11:15 ਵਜੇ ਜਨਤਾ ਦਰਬਾਰ ਵਿਚ ਮੁੱਖ ਮੰਤਰੀ ਨੂੰ ਮਿਲਣ ਆਇਆ ਸੀ। ਉਨ੍ਹਾਂ ਦਸਿਆ ਕਿ ਉਸ ਨਾਲ 12 ਈਮਾਮ ਅਤੇ ਮੌਲਵੀ ਦਿੱਲੀ ਵਕਫ਼ ਬੋਰਡ ਵਿਚ ਕੰਮ ਕਰ ਰਹੇ ਲੋਕਾਂ ਦੀ ਤਨਖ਼ਾਹ ਵਧਾਉਣ ਦੇ ਮੁੱਦੇ ਸਬੰਧੀ ਗਲ ਕਰਨ ਆ ਰਹੇ ਸਨ। ਅਧਿਕਾਰੀਆਂ ਅਨੁਸਾਰ ਤਲਾਸ਼ੀ ਦੌਰਾਨ ਇਮਰਾਨ ਦੇ ਪਰਸ ਵਿਚੋਂ .32 ਬੋਰ ਦਾ ਇਕ ਕਾਰਤੂਸ ਮਿਲਿਆ। ਉਨ੍ਹਾਂ ਦਸਿਆ ਕਿ ਇਮਰਾਨ ਨੂੰ ਸਥਾਨਕ ਪੁਲਿਸ ਹਵਾਲੇ ਕਰ ਦਿਤਾ ਗਿਆ ਅਤੇ ਅਸਲਾ ਐਕਟ ਸਬੰਧੀ ਧਾਰਾਵਾਂ ਤਹਿਤ ਸਿਵਲ ਲਾਈਨਜ਼ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁੱਛ-ਪੜਤਾਲ ਦੌਰਾਨ ਇਮਰਾਨ ਨੇ ਦਸਿਆ ਕਿ ਉਹ ਕਰੋਲਬਾਗ ਦੀ ਮਸਜਿਦ ਬਾਵਲੀ ਵਾਲੀ ਵਿਚ ਮੁਅਜ਼ਿਮ ਹੈ ਅਤੇ ਦੋ-ਤਿੰਨ ਮਹੀਨੇ ਪਹਿਲਾਂ ਉਸ ਨੂੰ ਮੰਦਰ ਦੀ ਗੋਲਕ ਵਿਚੋਂ ਇਹ ਕਾਰਤੂਸ ਮਿਲਿਆ ਸੀ। ਉਨ੍ਹੇ ਕਿਹਾ ਕਿ ਉਹ ਕਾਰਤੂਸ ਨੂੰ ਯਮੁਨਾ ਨਦੀ ਵਿਚ ਸੁੱਟਣ ਬਾਰੇ ਸੋਚ ਰਿਹਾ ਸੀ ਪਰ ਕਰ ਨਹੀਂ ਸਕਿਆ ਅਤੇ ਇਸ ਨੂੰ ਪਰਸ ਵਿਚ ਰੱਖ ਲਿਆ। (ਪੀਟੀਆਈ)