
ਈ.ਡੀ. ਨੇ ਲਾਲੂ ਪ੍ਰਸਾਦ ਯਾਦਵ ਤੋਂ ਪੁੱਛ-ਪੜਤਾਲ ਕੀਤੀ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਮੰਗਲਵਾਰ ਨੂੰ ਬੁਲਾਇਆ ਗਿਆ
ਨਵੀਂ ਦਿੱਲੀ: ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਦੇ ਸਾਬਕਾ ਕਰਮਚਾਰੀ ਨੇ ਰੇਲਵੇ ਨੌਕਰੀ ਦੇ ਚਾਹਵਾਨ ਤੋਂ ਜਾਇਦਾਦ ਖਰੀਦੀ ਅਤੇ ਬਾਅਦ ਵਿਚ ਇਸ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੀ ਧੀ ਹੇਮਾ ਯਾਦਵ ਨੂੰ ਟਰਾਂਸਫਰ ਕਰ ਦਿਤਾ। ਇਹ ਦੋਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਲਗਾਇਆ, ਜੋ ਨੌਕਰੀ ਲਈ ਜ਼ਮੀਨ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਕੇਂਦਰੀ ਏਜੰਸੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਲੀ ਦੀ ਇਕ ਅਦਾਲਤ ’ਚ ਦੋਸ਼ਪੱਤਰ ਦਾਇਰ ਕੀਤਾ ਸੀ, ਜਿਸ ’ਚ ਲਾਲੂ ਪ੍ਰਸਾਦ ਯਾਦਵ ਦੇ ਪਰਵਾਰ ਕ ਮੈਂਬਰਾਂ ਰਾਬੜੀ ਦੇਵੀ ਅਤੇ ਉਨ੍ਹਾਂ ਦੀਆਂ ਬੇਟੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ ਨੂੰ ਦੋਸ਼ੀ ਬਣਾਇਆ ਗਿਆ ਸੀ।
ਚਾਰਜਸ਼ੀਟ ’ਚ ਈ.ਡੀ. ਨੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਵਾਰ ਕ ਮੈਂਬਰਾਂ ਦੇ ਕਥਿਤ ਕਰੀਬੀ ਸਹਿਯੋਗੀ ਅਮਿਤ ਕਤਿਆਲ (49), ਘਪਲੇ ਦੇ ਕਥਿਤ ਲਾਭਪਾਤਰੀਆਂ ਅਤੇ ਗਊਸ਼ਾਲਾ ਦੇ ਸਾਬਕਾ ਕਰਮਚਾਰੀ ਹਿਰਦਾਨੰਦ ਚੌਧਰੀ ਅਤੇ ਦੋ ਕੰਪਨੀਆਂ ਏ.ਕੇ. ਇਨਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਅਤੇ ਏ.ਬੀ. ਐਕਸਪੋਰਟਸ ਪ੍ਰਾਈਵੇਟ ਲਿਮਟਿਡ ਨੂੰ ਉਨ੍ਹਾਂ ਦੇ ਸੰਯੁਕਤ ਨਿਰਦੇਸ਼ਕ ਸ਼ਰੀਕੁਲ ਬਾਰੀ ਜ਼ਰੀਏ ਨਾਮਜ਼ਦ ਕੀਤਾ ਗਿਆ ਸੀ।
ਦਿੱਲੀ ਦੀ ਅਦਾਲਤ ਨੇ ਪਿਛਲੇ ਹਫਤੇ ਚਾਰਜਸ਼ੀਟ ਦਾ ਨੋਟਿਸ ਲਿਆ ਸੀ ਅਤੇ ਦੋਸ਼ੀਆਂ ਨੂੰ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾਂ ਕਰਨਾ) ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਮੁਕੱਦਮਾ ਚਲਾਉਣ ਲਈ 9 ਫਰਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਕਤਿਆਲ ਨੂੰ ਪਿਛਲੇ ਸਾਲ ਨਵੰਬਰ ’ਚ ਈ.ਡੀ. ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪਰਵਾਰ ਦੀ ਮਨੀ ਲਾਂਡਰਿੰਗ ’ਚ ਕਥਿਤ ਤੌਰ ’ਤੇ ਸਹਾਇਤਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਉਹ ਇਸ ਸਮੇਂ ਨਿਆਂਇਕ ਹਿਰਾਸਤ ’ਚ ਜੇਲ੍ਹ ’ਚ ਹੈ।
ਈ.ਡੀ. ਨੇ ਸੋਮਵਾਰ ਨੂੰ 75 ਸਾਲਾ ਲਾਲੂ ਪ੍ਰਸਾਦ ਯਾਦਵ ਤੋਂ ਪਟਨਾ ਸਥਿਤ ਅਪਣੇ ਦਫ਼ਤਰ ’ਚ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਉਨ੍ਹਾਂ ਦੇ ਬੇਟੇ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਮੰਗਲਵਾਰ ਨੂੰ ਪਟਨਾ ਬੁਲਾਇਆ ਗਿਆ ਹੈ। ਇਹ ਜਾਂਚ ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ)-1 ਸਰਕਾਰ ’ਚ ਰੇਲ ਮੰਤਰੀ ਵਜੋਂ ਅਪਣੇ ਕਾਰਜਕਾਲ ਦੌਰਾਨ ਲਾਲੂ ਪ੍ਰਸਾਦ ਯਾਦਵ ’ਤੇ 2004-2009 ਦੌਰਾਨ ਭਾਰਤੀ ਰੇਲਵੇ ’ਚ ਗਰੁੱਪ-ਡੀ ਦੇ ਅਹੁਦਿਆਂ ’ਤੇ ਭਰਤੀ ਲਈ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ਾਂ ਨਾਲ ਸਬੰਧਤ ਹੈ।