
ਅਚਨਚੇਤੇ ਮਾਪੇ ਖ਼ਰੀਦ ਰਹੇ ਬੱਚਿਆਂ ਲਈ ਇਹ ਜ਼ਹਿਰੀਲਾ ਉਤਪਾਦ
ਚੰਡੀਗੜ੍ਹ: ਬੱਚਿਆਂ ਦੇ ਉਤਪਾਦ ਬਣਾਉਣ ਵਾਲੀ ਪ੍ਰਸਿੱਧ ਕੰਪਨੀ ‘ਜੌਨਸਨ ਐਂਡ ਜੌਨਸਨ’ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਜੌਨਸਨ ਐਂਡ ਜੌਨਸਨ ਦੇ ਬੇਬੀ ਸ਼ੈਂਪੂ ਉਤੇ ਰੋਕ ਲਗਾਉਣ ਦੀ ਹਦਾਇਤ ਜਾਰੀ ਕੀਤੀ ਹੈ। ਇਹ ਫ਼ੈਸਲਾ ਜੌਨਸਨ ਐਂਡ ਜੌਨਸਨ ਬੇਬੀ ਸ਼ੈਂਪੂ ਦੇ ਰਾਜਸਥਾਨ ਸਰਕਾਰ ਵਲੋਂ ਕੀਤੇ ਗਏ ਲੈਬ ਟੈਸਟ ਵਿਚ ਫੇਲ੍ਹ ਹੋਣ ਤੋਂ ਬਾਅਦ ਲਿਆ ਗਿਆ ਹੈ।
Johnson baby Shampoo and powder
ਕੌਮਾਂਤਰੀ ਨਿਊਜ਼ ਏਜੰਸੀ ਰੌਇਟਰਜ਼ ਦੀ ਦਸੰਬਰ 2018 ਵਿਚ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜੌਨਸਨ ਐਂਡ ਜੌਨਸਨ ਨੂੰ ਕਈ ਦਹਾਕਿਆਂ ਤੋਂ ਪਤਾ ਸੀ ਕਿ ਉਸ ਦੇ ਬੇਬੀ ਪਾਊਡਰ ਵਿਚ ਹਾਨੀਕਾਰਕ ਪਦਾਰਥ ਐਸਬੈਸਟੌਸ ਹੈ, ਜਿਸ ਕਾਰਨ ਕੈਂਸਰ ਹੁੰਦਾ ਹੈ। ਇਸ ਮਗਰੋਂ ਭਾਰਤ ਦੀਆਂ ਡਰੱਗ ਰੋਕੂ ਸੰਸਥਾਵਾਂ ਨੇ ਜੌਨਸਨ ਐਂਡ ਜੌਨਸਨ ਵਲੋਂ ਬਣਾਏ ਜਾਂਦੇ ਸਮਾਨ ਦੀ ਜਾਂਚ ਸ਼ੁਰੂ ਕੀਤੀ ਸੀ ਤੇ ਬੇਬੀ ਪਾਊਡਰ ਉਤੇ ਰੋਕ ਵੀ ਲਗਾਈ ਸੀ।
ਮਾਰਚ ਵਿਚ ਹੀ ਇਹ ਰੋਕ ਹਟਾਈ ਗਈ ਪਰ ਨਾਲ ਹੀ ਬੇਬੀ ਸ਼ੈਂਪੂ ਵਿਚ ਫਾਰਮੈਲਡੀਹਾਈਡ ਨਾਂਅ ਦਾ ਕੈਮੀਕਲ ਪਾਇਆ ਗਿਆ ਜੋ ਕਿ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਲੂਕੀਮੀਆ ਯਾਨੀ ਖ਼ੂਨ ਦਾ ਕੈਂਸਰ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਹੀ ਸਿਹਤ ਵਿਭਾਗ ਨੇ ਜੌਨਸਨ ਐਂਡ ਜੌਨਸਨ ਨੂੰ ਨੁਕਸ ਵਾਲੇ ਇੰਪਲਾਂਟ ਬਣਾਉਣ ਕਰਕੇ ਵੱਡਾ ਜੁਰਮਾਨਾ ਲਗਾਇਆ ਸੀ।
Johnson and Johnson
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੌਨਸਨ ਐਂਡ ਜੌਨਸਨ ਭਾਰਤ ਵਿਚ ਵਿਕਣ ਵਾਲਾ ਬੱਚਿਆਂ ਦੇ ਉਤਪਾਦ ਵਾਲਾ ਸਭ ਤੋਂ ਵੱਡਾ ਬਰੈਂਡ ਹੈ। ਮਾਪੇ ਅਪਣੇ ਬੱਚਿਆਂ ਲਈ ਜੌਨਸਨ ਐਂਡ ਜੌਨਸਨ ਦੇ ਉਤਪਾਦ ਬੜੇ ਭਰੋਸੇ ਨਾਲ ਖ਼ਰੀਦਦੇ ਹਨ ਪਰ ਇਕ ਵਾਰ ਵੀ ਇਸ ਬਾਰੇ ਇੰਟਰਨੈੱਟ ਉਤੇ ਪੜਨ ਦੀ ਕੋਸ਼ਿਸ਼ ਨਹੀਂ ਕਰਦੇ। ਦੁਨੀਆ ਭਰ ਵਿਚ ਇਸ ਕੰਪਨੀ ਉਤੇ ਮੁਕੱਦਮੇ ਚੱਲ ਰਹੇ ਹਨ ਪਰ ਭਾਰਤ ਵਿਚ ਇਸੇ ਕੰਪਨੀ ਕੋਲ ਬੱਚਿਆਂ ਦੇ ਸਮਾਨ ਦੇ ਬਾਜ਼ਾਰ ਦਾ ਸਭ ਤੋਂ ਵੱਡਾ ਹਿੱਸਾ ਹੈ। ਲੋੜ ਹੈ ਚੇਤੰਨ ਹੋਣ ਦੀ ਅਤੇ ਹਾਨੀਕਾਰਕ ਪਦਾਰਥਾਂ ਤੋਂ ਅਪਣੇ ਬੱਚਿਆਂ ਨੂੰ ਦੂਰ ਰੱਖਣ ਦੀ।