
ਪਹਿਲਵਾਨਾਂ ਦੇ ਇਲਜ਼ਾਮਾਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਨਵੀਂ ਦਿੱਲੀ: ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਅਸਤੀਫ਼ਾ ਦੇਣਾ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਪਰ ਉਹ ਅਪਰਾਧੀ ਵਜੋਂ ਅਸਤੀਫ਼ਾ ਨਹੀਂ ਦੇਣਗੇ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਮਹਿਲਾ ਪਹਿਲਵਾਨਾਂ ਦੁਆਰਾ ਬ੍ਰਿਜ ਭੂਸ਼ਣ ਵਿਰੁਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਦੋ ਐਫਆਈਆਰ ਦਰਜ ਕੀਤੀਆਂ ਹਨ।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ
ਬਿਸ਼ਨੋਹਰਪੁਰ ਸਥਿਤ ਆਪਣੀ ਰਿਹਾਇਸ਼ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਬ੍ਰਿਜ ਭੂਸ਼ਣ ਨੇ ਕਿਹਾ, ''ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ। ਮੈਨੂੰ ਸੁਪਰੀਮ ਕੋਰਟ ਅਤੇ ਦਿੱਲੀ ਪੁਲਿਸ 'ਤੇ ਪੂਰਾ ਭਰੋਸਾ ਹੈ। ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ”। ਉਨ੍ਹਾਂ ਕਿਹਾ, 'ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ, ਪਰ ਮੈਂ ਅਪਰਾਧੀ ਵਜੋਂ ਅਸਤੀਫ਼ਾ ਨਹੀਂ ਦੇਵਾਂਗਾ। ਮੈਂ ਅਪਰਾਧੀ ਨਹੀਂ ਹਾਂ ਅਸਤੀਫ਼ਾ ਦੇਣ ਦਾ ਮਤਲਬ ਹੈ ਕਿ ਮੈਂ ਉਨ੍ਹਾਂ ਦੇ ਇਲਜ਼ਾਮਾਂ ਨੂੰ ਸਵੀਕਾਰ ਕਰ ਲਿਆ ਹੈ”।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਭਿਵੰਡੀ 'ਚ ਡਿੱਗੀ 2 ਮੰਜ਼ਿਲਾ ਇਮਾਰਤ, 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਉਨ੍ਹਾਂ ਕਿਹਾ, 'ਅੱਜ ਦਿਖਾਈ ਦਿੱਤਾ ਕਿ ਇਸ ਪੂਰੇ ਵਿਵਾਦ ਪਿੱਛੇ ਕਿਸ ਦਾ ਹੱਥ ਹੈ। ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਇਸ ਵਿਚ ਇਕ ਉਦਯੋਗਪਤੀ ਅਤੇ ਕਾਂਗਰਸ ਦਾ ਹੱਥ ਹੈ”। ਉਨ੍ਹਾਂ ਸਵਾਲ ਕੀਤਾ, 'ਜਦੋਂ ਮੇਰੇ ਵਿਰੁਧ ਐਫਆਈਆਰ ਦਰਜ ਹੋ ਗਈ ਹੈ ਤਾਂ ਪਹਿਲਵਾਨ ਹੁਣ ਧਰਨੇ 'ਤੇ ਕਿਉਂ ਬੈਠੇ ਹਨ? ਉਹ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰਾਲੇ ਵਿਰੁਧ ਕਿਉਂ ਬੋਲ ਰਹੇ ਹਨ? ਇਹ ਖਿਡਾਰੀਆਂ ਦਾ ਧਰਨਾ ਨਹੀਂ, ਸਾਜ਼ਿਸ਼ਕਾਰਾਂ ਦਾ ਧਰਨਾ ਹੈ”।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਅਤੇ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਨਾਲ ਉਹ ਆਪਣੇ ਆਪ ਅਸਤੀਫ਼ਾ ਦੇ ਦੇਣਗੇ। ਉਹ ਨਵੀਆਂ ਚੋਣਾਂ ਤੱਕ ਸਿਰਫ਼ ਕੇਅਰਟੇਕਰ ਦੀ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: ਈਡੀ ਵਲੋਂ BYJU'S ਦੇ ਸੀਈਓ ਰਵਿੰਦਰਨ ਦੇ ਦਫ਼ਤਰ ਤੇ ਰਿਹਾਇਸ਼ 'ਤੇ ਛਾਪੇਮਾਰੀ
ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਉਹ ਪਿਛਲੇ 12 ਸਾਲਾਂ ਤੋਂ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਹਨ ਤਾਂ ਉਹ ਅੱਜ ਤੱਕ ਕਦੇ ਵੀ ਥਾਣੇ, ਫੈਡਰੇਸ਼ਨ ਜਾਂ ਸਰਕਾਰ ਕੋਲ ਸ਼ਿਕਾਇਤ ਲੈ ਕੇ ਕਿਉਂ ਨਹੀਂ ਗਏ? ਉਹ ਸਿੱਧਾ ਜੰਤਰ-ਮੰਤਰ ’ਤੇ ਵਿਰੋਧ ਕਰਨ ਕਿਉਂ ਪਹੁੰਚ ਗਏ। ਪਹਿਲਵਾਨਾਂ ਦੇ ਧਰਨੇ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਸਾਜ਼ਿਸ਼ ਕਰਾਰ ਦਿੰਦਿਆਂ ਭਾਜਪਾ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਾਂਚ ਕਮੇਟੀ ਨੂੰ ਇਕ ਆਡੀਓ ਸੌਂਪਿਆ ਹੈ, ਜਿਸ ਵਿਚ ਇਕ ਵਿਅਕਤੀ ਕਿਸੇ ਨੂੰ ਲੜਕੀ ਦਾ ਇੰਤਜ਼ਾਮ ਕਰਨ ਲਈ ਕਹਿ ਰਿਹਾ ਹੈ ਤਾਂ ਜੋ ਉਸ ਨੂੰ (ਬ੍ਰਿਜ ਭੂਸ਼ਣ) ਫਸਾਇਆ ਜਾ ਸਕੇ। ਬ੍ਰਿਜ ਭੂਸ਼ਣ ਨੇ ਦਾਅਵਾ ਕੀਤਾ ਕਿ ਪੂਰਾ ਹਰਿਆਣਾ ਅਤੇ ਯੂਪੀ ਅਖਾੜਾ ਉਸ ਦੇ ਨਾਲ ਹੈ ਅਤੇ ਸਿਰਫ਼ ਇਕ ਪਰਿਵਾਰ ਦਾ ਅਖਾੜਾ ਉਸ ਦੇ ਵਿਰੁਧ ਹੈ।