
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਮੋਦੀ ਕੈਬਿਨਟ ਦੀ ਬੈਠਕ ਦੌਰਾਨ ਲਿਆ ਗਿਆ ਹੈ। ਇਸ ਬੈਠਕ ਦੌਰਾਨ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਵਿਸ਼ੇਸ਼ ਜਾਣਕਾਰੀ 4 ਵਜੇ ਹੋਣ ਵਾਲੀ ਕੈਬਿਨਟ ਬ੍ਰੀਫਿੰਗ ਵਿਚ ਦਿੱਤੀ ਜਾਵੇਗੀ।
MHRD
ਜ਼ਿਕਰਯੋਗ ਹੈ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਸੀ ਕਿ ਮੰਤਰਾਲੇ ਦਾ ਮੌਜੂਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਜਾਵੇ। ਇਸ ਪ੍ਰਸਤਾਵ ‘ਤੇ ਨਰਿੰਦਰ ਮੋਦੀ ਕੈਬਿਨਟ ਨੇ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਨਵੀਂ ਸਿੱਖਿਆ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਹੁਣ ਪੂਰੇ ਉੱਚ ਸਿੱਖਿਆ ਖੇਤਰ ਲਈ ਇਕ ਹੀ ਰੈਗੂਲੇਟਰੀ ਬਾਡੀ ਹੋਵੇਗੀ ਤਾਂ ਜੋ ਸਿੱਖਿਆ ਖੇਤਰ ਵਿਚ ਅਵਿਵਸਥਾ ਨੂੰ ਖਤਮ ਕੀਤਾ ਜਾ ਸਕੇ।
PM Modi
ਸਿੱਖਿਆ ਮੰਤਰਾਲੇ ਨੇ ਉੱਚ ਸਿੱਖਿਆ ਲਈ ਇਕ ਹੀ ਰੈਗੂਲੇਟਰੀ ਬਾਡੀ ‘ਨੈਸ਼ਨਲ ਹਾਇਅਰ ਐਜੂਕੇਸ਼ਨ ਅਥਾਰਿਟੀ ਜਾਂ ਹਾਇਅਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ’ ਤੈਅ ਕੀਤਾ ਹੈ। ਰਾਸ਼ਟਰੀ ਸਿੱਖਿਆ ਨੀਤੀ ਦਾ ਨਿਰਮਾਣ 1986 ਵਿਚ ਕੀਤਾ ਗਿਆ ਸੀ ਅਤੇ 1992 ਵਿਚ ਇਸ ਵਿਚ ਕੁਝ ਬਦਲਾਅ ਕੀਤੇ ਗਏ ਸਨ। ਤਿੰਨ ਦਹਾਕੇ ਬਾਅਦ ਵੀ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।
HRD Ministry renamed as Ministry of Education
ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਵੱਡੇ ਪੱਧਰ ‘ਤੇ ਬਦਲਾਅ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਦੁਨੀਆਂ ਵਿਚ ਗਿਆਨ ਦਾ ਸੁਪਰ ਪਾਵਰ ਦੇਸ਼ ਬਣ ਸਕੇ। ਇਸ ਦੇ ਲਈ ਸਾਰਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਲੋੜ ਹੈ ਤਾਂ ਜੋ ਇਕ ਅਗਾਂਹਵਧੂ ਅਤੇ ਗਤੀਸ਼ੀਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
Ministry of HRD
ਸਿੱਖਿਆ ਮੰਤਰਾਲੇ ਦਾ ਸ਼ੁਰੂਆਤੀ ਪੱਧਰ ‘ਤੇ ਦਿੱਤੀ ਜਾਣ ਵਾਲੀ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਇਕ ਨਵੇਂ ਰਾਸ਼ਟਰੀ ਸਿਲੇਬਸ ਦਾ ਫਰੇਮਵਰਕ ਤਿਆਰ ਕਰਨ ‘ਤੇ ਜ਼ੋਰ ਹੈ। ਇਸ ਫਰੇਮਵਰਕ ਵਿਚ ਵੱਖ ਵੱਖ ਭਾਸ਼ਾਵਾਂ ਦੇ ਗਿਆਨ, 21 ਵੀਂ ਸਦੀ ਦੇ ਹੁਨਰ, ਖੇਡਾਂ, ਕਲਾ ਅਤੇ ਵਾਤਾਵਰਣ ਨਾਲ ਜੁੜੇ ਮੁੱਦੇ ਵੀ ਸ਼ਾਮਲ ਕੀਤੇ ਜਾਣਗੇ।