
ਰਾਜਪਾਲ ਅਨੁਸੂਈਆ ਉਈਕੇ ਨੇ ਕਿਹਾ: ਪੀੜਤਾਂ ਨੂੰ ਮੁਆਵਜ਼ਾ ਦੇਵੇਗੀ ਸਰਕਾਰ
ਇੰਫ਼ਾਲ: ਸੀ.ਬੀ.ਆਈ. ਨੇ ਮਨੀਪੁਰ ਵਾਇਰਲ ਵੀਡੀਉ ਮਾਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਜਦੋਂ ਵਿਰੋਧੀ ਧਿਰਾਂ ਦੇ ਗਠਜੋੜ ਇੰਡੀਆ ਦਾ ਵਫ਼ਦ ਪੀੜਤ ਪ੍ਰਵਾਰਾਂ ਨਾਲ ਮੁਲਾਕਾਤ ਕਰਨ ਲਈ ਮਨੀਪੁਰ ਪਹੁੰਚਿਆ ਹੈ। ਸੀ.ਬੀ.ਆਈ. ਨੇ ਹਿੰਸਾ ਪ੍ਰਭਾਵਤ ਸੂਬੇ ਵਿਚ ਦੋ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਇਹ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪ੍ਰੀਮ ਕੋਰਟ ਨੂੰ ਮਾਮਲੇ ਦੀ ਜਾਂਚ ਸੀ.ਬੀ.ਆਈ.ਨੂੰ ਸੌਂਪਣ ਬਾਰੇ ਦਸਿਆ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀ ਸੁਪ੍ਰੀਮ ਕੋਰਟ ਵਿਚ ਹਲਫਨਾਮਾ ਦਾਇਰ ਕਰਕੇ ਮਾਮਲੇ ਦੀ ਸੁਣਵਾਈ ਮਨੀਪੁਰ ਤੋਂ ਬਾਹਰ ਕਰਾਉਣ ਦੀ ਬੇਨਤੀ ਕੀਤੀ ਸੀ।
4 ਮਈ ਨੂੰ ਵਾਪਰੀ ਘਟਨਾ ਦਾ ਵੀਡੀਉ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਾਹਮਣੇ ਆਇਆ ਸੀ, ਜਿਸ ਵਿਚ ਦੋ ਔਰਤਾਂ ਨੂੰ ਨਗਨ ਹਾਲਤ ਘੁੰਮਾਇਆ ਗਿਆ। ਇਸ ਘਟਨਾ ਦੀ ਦੇਸ਼ ਭਰ ਵਿਚ ਸਖ਼ਤ ਆਲੋਚਨਾ ਹੋ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿਤਾ ਗਿਆ ਹੈ। ਸੀਬੀਆਈ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਨੀਪੁਰ ਪੁਲਿਸ ਵਲੋਂ ਦਰਜ ਐਫ.ਆਈ.ਆਰ. ਦੇ ਸਬੰਧ ਵਿਚ ਅਪਣੀ ਪ੍ਰਕਿਰਿਆ ਅਨੁਸਾਰ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪੀੜਤ ਪ੍ਰਵਾਰਾਂ ਨੂੰ ਮੁਆਵਜ਼ਾ ਦੇਵੇਗੀ ਸਰਕਾਰ: ਰਾਜਪਾਲ
ਇਸ ਦੌਰਾਨ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੇ ਚੂਰਾਚੰਦਪੁਰ ਵਿਚ ਰਾਹਤ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਸੂਬੇ ਵਿਚ ਸ਼ਾਂਤੀ ਕਦੋਂ ਬਹਾਲ ਹੋਵੇਗੀ। ਮੈਂ ਲਗਾਤਾਰ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚ ਸ਼ਾਂਤੀ ਬਹਾਲ ਕਰਨ ਲਈ ਇਕ-ਦੂਜੇ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਪ੍ਰਕਿਰਿਆ ਵਿਚ ਮਦਦ ਕਰਨ ਲਈ ਵੀ ਕਿਹਾ ਹੈ।
ਰਾਜਪਾਲ ਅਨੁਸੂਈਆ ਉਈਕੇ ਨੇ ਚੂਰਾਚੰਦਪੁਰ ਵਿਚ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕੈਂਪਾਂ ਵਿਚ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਔਰਤਾਂ ਰਾਜਪਾਲ ਨਾਲ ਗੱਲ ਕਰਦਿਆਂ ਭਾਵੁਕ ਹੋ ਗਈਆਂ। ਫਿਰ ਰਾਜਪਾਲ ਨੇ ਉਸ ਨੂੰ ਦਿਲਾਸਾ ਦਿਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪ੍ਰਵਾਰਕ ਮੈਂਬਰ ਅਤੇ ਜਾਇਦਾਦ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਮੁਆਵਜ਼ਾ ਦੇਵੇਗੀ ਅਤੇ ਕਿਹਾ ਕਿ ਮੈਂ ਮਨੀਪੁਰ ਦੇ ਲੋਕਾਂ ਦੀ ਸ਼ਾਂਤੀ ਅਤੇ ਭਵਿੱਖ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।
ਦੋ ਦਿਨਾਂ ਦੌਰੇ ’ਤੇ ਮਨੀਪੁਰ ਪਹੁੰਚੇ INDIA ਗਠਜੋੜ ਦੇ ਮੈਂਬਰ
ਉਧਰ ਵਿਰੋਧੀ ਗਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਦਾ ਵਫ਼ਦ ਜ਼ਮੀਨੀ ਹਾਲਾਤ ਜਾਣਨ ਲਈ ਹਿੰਸਾ ਪ੍ਰਭਾਵਤ ਸੂਬੇ ਦੇ ਦੋ ਦਿਨਾਂ ਦੌਰੇ ਲਈ ਮਨੀਪੁਰ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਰਾਜਪਾਲ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕਰਦੀ ਹਾਂ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮਨੀਪੁਰ ਵਿਚ ਵਾਪਰੀ ਘਟਨਾ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਥੇ ਸਿਆਸਤ ਕਰਨ ਨਹੀਂ ਆਏ, ਸਾਨੂੰ ਸਾਰਿਆਂ ਨੂੰ ਮਿਲ ਕੇ ਸ਼ਾਤਮਈ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।