
ਅਪਣੀ ਚੇਲੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਕੋਲੋਂ 8ਵੀਂ ਵਾਰ ਪੁੱਛ-ਪੜਤਾਲ ਕੀਤੀ ਗਈ ਹੈ............
ਨਵੀਂ ਦਿੱਲੀ : ਅਪਣੀ ਚੇਲੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਕੋਲੋਂ 8ਵੀਂ ਵਾਰ ਪੁੱਛ-ਪੜਤਾਲ ਕੀਤੀ ਗਈ ਹੈ। ਸੀਬੀਆਈ ਨੇ ਦਿੱਲੀ ਦੇ ਚਾਣਕਿਆਪੁਰੀ ਦੇ ਦਫ਼ਤਰ ਬੁਲਾ ਕੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦਾਤੀ ਮਹਾਰਾਜ ਨਾਲ ਲਗਭਗ 7 ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਅਤੇ ਇਸ ਤੋਂ ਬਾਅਦ ਦਾਤੀ ਮਹਾਰਾਜ ਨੂੰ ਛੱਡ ਦਿਤਾ ਗਿਆ। ਪੁਲਿਸ ਇਸ ਮਾਮਲੇ ਵਿਚ ਦਾਤੀ ਮਹਾਰਾਜ ਦੇ ਤਿੰਨ ਮਤਰੇਏ ਭਰਾਵਾਂ ਕੋਲੋਂ ਵੀ ਪੁੱਛ-ਪੜਤਾਲ ਕਰ ਚੁਕੀ ਹੈ।
ਇਸ ਗੱਲ ਦੀ ਪੁਸ਼ਟੀ ਸੀਨੀਅਰ ਪੁਲਿਸ ਅਫ਼ਸਰ ਵਲੋਂ ਕੀਤੀ ਗਈ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਮੁਤਾਬਕ ਦੋ ਮਹੀਨੇ ਪਹਿਲਾਂ ਦਾਤੀ ਮਹਾਰਾਜ ਦੇ ਚਾਰ ਮੋਬਾਈਲ ਫ਼ੋਨ ਅਤੇ ਛਤਰਪੁਰ ਸਥਿਤ ਸ਼ਨੀਧਾਮ ਆਸ਼ਰਮ ਵਿਚ ਲੱਗੇ ਸੀਸੀਟੀਵੀ ਕੈਮਰੇ ਨੂੰ ਜਾਂਚ ਲਈ ਫ਼ੋਰੈਂਸਿਕ ਲੈਬ ਭੇਜਿਆ ਗਿਆ ਹੈ। ਕ੍ਰਾਈਮ ਬ੍ਰਾਂਚ ਵਲੋਂ ਫ਼ਿਲਹਾਲ ਉਸ ਰੀਪੋਰਟ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਚਾਰੇ ਮੋਬਾਈਲ ਫ਼ੋਨਾਂ ਵਿਚੋਂ ਕਿਸੇ ਤੋਂ ਵੀ ਦਾਤੀ ਮਹਾਰਾਜ ਨੇ ਪੀੜਤ ਲੜਕੀ ਨਾਲ ਗੱਲ ਕੀਤੀ ਹੋਵੇਗੀ ਜਾਂ ਵਟਸਐਪ 'ਤੇ ਅਸ਼ਲੀਲ ਸੰਦੇਸ਼ ਭੇਜਿਆ ਹੋ ਸਕਦਾ ਹੈ ਜੋ ਬਾਅਦ ਵਿਚ ਡਿਲੀਟ ਵੀ ਕਰ ਦਿਤਾ ਹੋਵੇਗਾ ਤਾਂ ਉਸ ਬਾਰੇ ਜਾਣਕਾਰੀ ਮਿਲ ਜਾਵੇਗੀ। ਕੁੱਝ ਮਹੀਨੇ ਪਹਿਲਾਂ ਸ਼ਨੀਧਾਮ ਦੀ ਇਕ ਸਾਧਵੀ ਨੇ ਦਾਤੀ ਮਹਾਰਾਜ ਅਤੇ ਉਸ ਦੇ ਭਰਾਵਾਂ 'ਤੇ ਬਲਾਤਕਾਰ ਦਾ ਗੰਭੀਰ ਦੋਸ਼ ਲਾਇਆ ਸੀ ਜਿਸ ਕਾਰਨ ਮੁਲਜ਼ਮਾਂ ਵਿਰੁਧ ਕੇਸ ਦਰਜ ਹੋ ਗਿਆ ਸੀ। (ਏਜੰਸੀ)