
ਮੁਆਵਜ਼ੇ ਦਾ ਚੈੱਕ ਅਧਿਕਾਰੀਆਂ ਨੂੰ ਸੌਂਪਿਆ
ਬੁਲੰਦ ਸ਼ਹਿਰ : ਨਾਗਰਿਕਤਾ ਸੋਧ ਕਾਨੂੰਨ ਵਿਰੁਧ ਦੇਸ਼ ਭਰ ਅੰਦਰ ਰੋਸ ਪ੍ਰਦਰਸ਼ਨ ਹੋਏ ਸਨ। ਕਈ ਥਾਈਂ ਰੋਸ ਪ੍ਰਦਰਸ਼ਨਾਂ ਦੇ ਹਿੰਸਕ ਰੁਖ ਅਖਤਿਆਰ ਕਰ ਜਾਣ ਕਾਰਨ ਜਨਤਕ ਜਾਇਦਾਦਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ। ਪ੍ਰਸ਼ਾਸਨ ਨੇ ਇਸ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਕਈ ਥਾਈਂ ਨੁਕਸਾਨ ਦੀ ਭਰਪਾਈ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸੇ ਤਹਿਤ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਇਕ ਮੁਸਲਮਾਨ ਸਮੂਹ ਨੇ ਮੁਆਵਜ਼ੇ ਦੀ ਭਰਪਾਈ ਲਈ ਯੂਪੀ ਸਰਕਾਰ ਨੂੰ 6.27 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਮੁਸਲਿਮ ਸਮੂਹ ਨੇ ਇਹ ਪੈਸਾ ਪ੍ਰਸ਼ਾਸਨ ਵਲੋਂ ਹੋਏ ਨੁਕਸਾਨ ਦੀ ਭਰਪਾਈ ਲਈ ਨੋਟਿਸ ਭੇਜਣ ਤੋਂ ਪਹਿਲਾਂ ਦਿਤਾ ਸੀ। ਸਮੂਹ ਨੇ ਨੁਕਸਾਨੀ ਜਾਇਦਾਦ ਦੀ ਅੰਦਾਜ਼ਨ ਕੀਮਤ ਦਾ ਖਰੜਾ ਸਰਕਾਰ ਨੂੰ ਸੌਂਪਿਆ ਹੈ।
Photo
ਡੀਐਮ ਅਤੇ ਐਸਐਸਪੀ ਨੂੰ ਸੌਂਪਿਆ ਡਰਾਫਟ : ਮੁਸਲਿਮ ਸਮੂਹ ਦੇ ਕੁਝ ਵਿਅਕਤੀਆਂ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਅਤੇ ਐਸਐਸਪੀ ਸੰਤੋਸ਼ ਕੁਮਾਰ ਨੂੰ ਡਿਮਾਂਡ ਡਰਾਫ਼ਟ ਸੌਂਪਦਿਆਂ ਦਸਿਆ ਕਿ ਇਹ ਰਕਮ ਸੁਸਾਇਟੀ ਦੇ ਲੋਕਾਂ ਤੋਂ ਇਕੱਠੀ ਕੀਤੀ ਗਈ ਹੈ। ਮੁਸਲਿਮ ਸਮੂਹ ਨੇ ਹਿੰਸਾ ਦੀ ਨਿੰਦਾ ਕਰਦਿਆਂ ਡਰਾਫਟ ਦੇ ਨਾਲ ਅਧਿਕਾਰੀਆਂ ਨੂੰ ਇਕ ਪੱਤਰ ਵੀ ਸੌਂਪਿਆ।
Photo
ਸਰਕਾਰ ਜ਼ਬਤ ਕਰਨ ਵਾਲੀ ਸੀ ਜਾਇਦਾਦ : ਡੀਐਮ ਰਵਿੰਦਰ ਕੁਮਾਰ ਨੇ ਕਿਹਾ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਿਨਾਂ ਕਿਸੇ ਅਧਿਕਾਰਤ ਪ੍ਰਕਿਰਿਆ ਦੇ ਹੀ ਨਿਬੜ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 498 ਸਮਾਜ ਵਿਰੋਧੀ ਅਨਸਰਾਂ ਦੀ ਪਛਾਣ ਕਰਨ ਲਈ ਇਕ ਸਰਕੂਲਰ ਜਾਰੀ ਕੀਤਾ ਸੀ। ਇਹ ਲੋਕ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਿਚ ਸ਼ਾਮਲ ਸਨ। ਸਰਕੂਲਰ ਅਨੁਸਾਰ ਸਰਕਾਰ ਜਲਦੀ ਹੀ ਇਨ੍ਹਾਂ ਲੋਕਾਂ ਦੀ ਜਾਇਦਾਦ ਜ਼ਬਤ ਕਰਨ ਵਾਲੀ ਸੀ।
Photo
ਮੁੱਖ ਮੰਤਰੀ ਨੇ ਜਾਰੀ ਕੀਤੇ ਸਨ ਹੁਕਮ : ਨਾਗਰਿਕਾ ਸੋਧ ਐਕਟ ਵਿਰੁਧ ਪ੍ਰਦਰਸ਼ਨਾਂ ਵਿਚ ਜਨਤਕ ਜਾਇਦਾਦ ਦੇ ਨੁਕਸਾਨ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਕਮ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਨ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕਿਹਾ ਸੀ। ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਦੀ ਪ੍ਰਕਿਰਿਆ 30 ਦਸੰਬਰ ਤਕ ਜਾਰੀ ਰਹੇਗੀ।