
ਮੋਦੀ ਨੂੰ ਖ਼ੂਨ ਨਾਲ ਲਿਖੀਆਂ 101 ਚਿੱਠੀਆਂ
ਅਲੀਗੜ੍ਹ : ਭਾਰਤ ਹਿੰਦੂ ਮਹਾਸਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੀੜ ਦੁਆਰਾ ਕੁੱਟ-ਕੁੱਟ ਕੇ ਕੀਤੀ ਜਾਣ ਵਾਲੀ ਹਤਿਆ ਦੀਆਂ ਘਟਨਾਵਾਂ ਵਿਰੁਧ ਹਾਲ ਹੀ ਵਿਚ ਚਿੱਠੀ ਲਿਖਣ ਵਾਲੀਆਂ 49 ਸ਼ਖ਼ਸੀਅਤਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮਹਾਸਭਾ ਦੇ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਖ਼ੂਨ ਨਾਲ ਲਿਖੇ 101 ਪੱਤਰਾਂ ਵਿਚ ਕਿਹਾ ਹੈ ਕਿ ਅਜਿਹੇ ਗ਼ਦਾਰਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਿਲੇ ਕੌਮੀ ਪੁਰਸਕਾਰ ਵਾਪਸ ਲੈ ਲੈਣੇ ਚਾਹੀਦੇ ਹਨ।
Mob Lynching
ਹਿੰਦੂ ਮਹਾਸਭਾ ਦੇ ਕੌਮੀ ਬੁਲਾਰੇ ਅਸ਼ੋਕ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਸਲਮਾਨਾਂ ਅਤੇ ਦਲਿਤਾਂ ਦੀ ਕਥਿਤ 'ਮੌਬ ਲਿੰਚਿੰਗ' ਦਾ ਮੁੱਦਾ ਦੁਨੀਆਂ ਵਿਚ ਭਾਰਤ ਨੂੰ ਬਦਨਾਮ ਕਰਨ ਲਈ ਸਾਜ਼ਸ਼ ਤਹਿਤ ਚੁਕਿਆ ਜਾ ਰਿਹਾ ਹੈ। ਪਾਂਡੇ ਨੇ ਕਿਹਾ ਕਿ ਘੱਟਗਿਣਤੀਆਂ ਅਤੇ ਦਲਿਤਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਹੀਆਂ ਇਹ ਵੱਡੀਆਂ ਹਸਤੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਉਸ ਵਕਤ ਚੁੱਪ ਰਹਿੰਦੀਆਂ ਹਨ ਜਦ ਕਸ਼ਮੀਰ ਘਾਟੀ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
49 Celebrities write letter to PM Modi over mob lynching
ਉਧਰ, ਇਕ ਹੋਰ ਜਥੇਬੰਦੀ ਹਿੰਦੂ ਜਾਗਰਣ ਮੰਚ ਨੇ ਸੜਕ 'ਤੇ ਨਮਾਜ਼ ਦੇ ਨਾਲ-ਨਾਲ ਆਰਤੀ ਅਤੇ ਹਨੂਮਾਨ ਚਾਲੀਸਾ ਦੇ ਪਾਠ 'ਤੇ ਰੋਕ ਲਾਉਣ ਵਾਲੇ ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਚੰਦਰਭੂਸ਼ਣ ਸਿੰਘ ਦੀ ਮੁਅੱਤਲੀ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ 'ਤੇ ਦੇਸ਼ਵਿਆਪੀ ਅੰਦੋਲਨ ਵਿੱਢਣ ਦੀ ਗੱਲ ਕਹੀ। ਮੰਚ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਜਥੇਬੰਦੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰੁਧ ਮੁਕੱਦਮਾ ਦਰਜ ਕਰਾਉਣ ਲਈ ਵੀ ਜ਼ਿਲ੍ਹਾ ਅਧਿਕਾਰੀ ਦੀ ਆਲੋਚਨਾ ਕੀਤੀ।