
ਨਵੀਂ ਤਕਨੀਕ ਹੋਈ ਸ਼ੁਰੂ
ਨਵੀਂ ਦਿੱਲੀ : ਮੋਬਾਈਲ ਚੋਰੀ ਦੀਆਂ ਘਟਨਾਵਾਂ ਅਕਸਰ ਚਰਚਾ ਦਾ ਵਿਸ਼ਾ ਰਹੀਆਂ ਹਨ। ਮੋਬਾਈਲ ਚੋਰ ਵੀ ਅਪਣਾ ਧੰਦਾ ਚਮਕਾਉਣ ਖ਼ਾਤਰ ਨਵੇਂ ਨਵੇਂ ਤਰੀਕਿਆਂ ਨਾਲ ਮੋਬਾਈਲ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਸਨ। ਪਰ ਹੁਣ ਗੁਆਚੇ ਜਾਂ ਚੋਰੀ ਹੋਏ ਮੁਬਾਈਲ ਨੂੰ ਲੱਭਣ ਦੀ ਨਵੀਂ ਤਕਨੀਕ ਕਾਰਨ ਮੋਬਾਈਲ ਚੋਰਾਂ ਦੇ ਧੰਦੇ ਨੂੰ ਕਾਫ਼ੀ ਨੁਕਸਾਨ ਪਹੁੰਚਣ ਦੇ ਅਸਾਰ ਨਜ਼ਰ ਆ ਰਹੇ ਹਨ।
Photo
ਦਰਅਸਲ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਇਕ ਵੈਬ ਪੋਰਟਲ ਸੀਈਆਈਆਰ (ਸੈਂਟਰਲ ਇਕਵੀਪਮੈਂਟ ਆਈਡੈਂਟਿਟੀ ਰਜਿਸਟਰ) ਦੀ ਸ਼ੁਰੂਆਤ ਕੀਤੀ ਹੈ। ਇਹ ਵੈਬ ਪੋਰਟਲ ਦਿੱਲੀ 'ਚ ਚੋਰੀ ਜਾਂ ਗੁੰਮ ਹੋਏ ਮੋਬਾਈਲ ਫ਼ੋਨ ਨੂੰ ਬੰਦ ਕਰਨ ਅਤੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਸਹੂਲਤ ਦੇਵੇਗਾ।
Photo
ਪਾਇਲਟ ਪ੍ਰਾਜੈਕਟ ਦੇ ਆਧਾਰ 'ਤੇ ਇਸ ਵੈਬ ਪੋਰਟਲ ਦੀ ਸ਼ੁਰੂਆਤ ਮੁੰਬਈ ਵਿਚ ਸਤੰਬਰ ਮਹੀਨੇ ਦੌਰਾਨ ਹੋਈ ਸੀ। ਸ਼ੁਰੂਆਤੀ ਤੌਰ 'ਤੇ ਹੁਣ ਇਸ ਨੂੰ ਦਿੱਲੀ 'ਚ ਲਾਗੂ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਗ੍ਰਾਹਕਾਂ ਵਲੋਂ ਚੋਰੀ ਜਾਂ ਗੁੰਮ ਹੋਏ ਮੋਬਾਈਲ ਫ਼ੋਨ ਨੂੰ ਬਲਾਕ ਕਰਨ ਅਤੇ ਟਰੇਸ ਕਰਨ ਨਾਲ ਸਬੰਧਤ ਡਾਟੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨਾਲ ਵੀ ਸਾਂਝੀ ਕਰ ਸਕਦੇ ਹਨ।
Photo
ਇਸ ਲਈ ਗ੍ਰਾਹਕ ਸੀਆਈਆਈਆਰ ਦੀ ਵੈਬਸਾਈਟ ceir.gov.in. 'ਤੇ ਜਾ ਕੇ ਅਪਣੇ ਗੁੰਮ ਜਾਂ ਚੋਰੀ ਹੋਈ ਮੋਬਾਈਲ ਦੀ ਜਾਣਕਾਰੀ ਦਰਜ ਕਰਵਾ ਸਕਦਾ ਹੈ। ਇਸ 'ਚ ਮੋਬਾਈਲ ਨੂੰ ਬਲਾਕ ਕਰਨ ਦੇ ਟੈਬ 'ਤੇ ਕਲਿੱਕ ਕਰ ਕੇ ਫਾਰਮ ਭਰਨਾ ਹੋਵੇਗਾ।
Photo
ਇਸ ਫਾਰਮ 'ਚ ਮੋਬਾਈਲ ਨੰਬਰ, ਆਈਐਮਈਆਈ ਨੰਬਰ, ਬਰਾਂਡ, ਡਿਵਾਇਸ ਮਾਡਲ ਜਿਹੀ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਇਲਾਵਾ ਮੋਬਾਈਲ ਕਿੱਥੇ ਗੁੰਮ ਜਾਂ ਚੋਰੀ ਹੋਇਆ, ਪੁਲਿਸ ਸ਼ਿਕਾਇਤ ਨੰਬਰ, ਮੋਬਾਈਲ ਕਿਸ ਦੇ ਨਾਂ ਸੀ, ਜਿਹੀ ਜਾਣਕਾਰੀ ਵੀ ਦਰਜ ਕਰਵਾਉਣੀ ਹੋਵੇਗੀ।
Photo
ਛੇਤੀ ਹੀ ਸ਼ੁਰੂ ਹੋਵੇਗੀ 5ਜੀ ਸੇਵਾ : ਕੇਂਦਰੀ ਮੰਤਰੀ ਨੇ ਦਸਿਆ ਕਿ ਸਰਕਾਰ ਦੇਸ਼ 'ਚ ਛੇਤੀ ਹੀ 5ਜੀ ਨੈਟਵਰਕ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਨੇ ਸਿਧਾਂਤਿਕ ਫ਼ੈਸਲਾ ਲੈ ਲਿਆ ਹੈ। ਛੇਤੀ ਹੀ ਇਸ ਪਾਇਲਟ ਪ੍ਰਾਜੈਕਟ ਨੂੰ ਹਕੀਕਤ 'ਚ ਬਦਲਿਆ ਜਾਵੇਗਾ।