
ਨਵੀਂ ਦਿੱਲੀ, 9 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਕਿਸੇ ਦੇ ਇਲਾਕੇ ਅਤੇ ਸਾਧਨਾਂ 'ਤੇ ਨਜ਼ਰ ਨਹੀਂ ਰਖਦਾ ਅਤੇ ਸਾਡਾ ਵਿਕਾਸ ਦਾ ਮਾਡਲ 'ਇਕ ਹੱਥ ਲਉ ਅਤੇ ਦੂਜੇ ਹੱਥ ਦਿਉ' ਦੀ ਸੋਚ ਵਾਲਾ ਨਹੀਂ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਪਮਹਾਂਦੀਪ ਵਿਚ ਚੀਨ ਦੁਆਰਾ ਅਪਣਾ ਪ੍ਰਭਾਵ ਵਧਾਉਣ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ। ਪਹਿਲੇ ਪ੍ਰਵਾਸੀ ਭਾਰਤੀ ਸੰਸਦ ਮੈਂਬਰ ਸੰਮੇਲਨ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆਂ ਭਰ ਦੇ ਪ੍ਰਵਾਸੀ ਭਾਰਤੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਤਰੱਕੀ ਵਿਚ ਹਿੱਸੇਦਾਰ ਬਣਨ ਅਤੇ ਦੇਸ਼ ਦੇ ਆਰਥਕ ਵਿਕਾਸ ਵਿਚ ਭੂਮਿਕਾ ਨਿਭਾਉਣ। ਇਹ ਸਮਾਗਮ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦ ਇਸ ਸਾਲ ਮਹਾਤਮਾ ਗਾਂਧੀ ਦੇ ਦਖਣੀ ਅਫ਼ਰੀਕਾ ਤੋਂ ਭਾਰਤ ਮੁੜਨ ਦੀ 102ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆਂ ਦੇ ਮੰਚਾਂ 'ਤੇ ਹਮੇਸ਼ਾ ਹਾਂਪੱਖੀ ਭੂਮਿਕਾ ਨਿਭਾਈ ਹੈ ਅਤੇ ਗਾਂਧੀ ਦੇ ਅਹਿੰਸਾ ਦੇ ਫ਼ਲਸਫ਼ੇ ਨਾਲ ਕੱਟੜਵਾਦ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, 'ਭਾਰਤ ਅਜਿਹਾ ਮੁਲਕ ਹੈ ਜਿਸ ਨੇ ਦੁਨੀਆਂ ਦੇ ਮੰਚਾਂ 'ਤੇ ਹਮੇਸ਼ਾ ਰਚਨਾਤਮਕ ਭੂਮਿਕਾ ਨਿਭਾਈ ਹੈ। ਅਸੀਂ ਕਿਸੇ ਵੀ ਦੇਸ਼ ਨਾਲ ਅਪਣੀ ਨੀਤੀ ਦਾ ਵਿਸ਼ਲੇਸ਼ਣ ਲਾਭ ਅਤੇ ਨੁਕਸਾਨ ਦੇ ਆਧਾਰ 'ਤੇ ਨਹੀਂ ਕਰਦੇ ਸਗੋਂ ਇਸ ਦਾ ਵਿਸ਼ਲੇਸ਼ਣ ਇਨਸਾਨੀ ਕਦਰਾਂ-ਕੀਮਤਾਂ ਦੇ ਸ਼ੀਸ਼ੇ ਵਿਚ ਕਰਦੇ ਹਾਂ।'
ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਨਾ ਤਾਂ ਕਿਸੇ ਦੇਸ਼ ਦੇ ਸਾਧਨਾਂ 'ਤੇ ਨਜ਼ਰ ਰਖਦੇ ਹਾਂ ਤੇ ਨਾ ਹੀ ਕਿਸੇ ਦੇ ਇਲਾਕੇ 'ਤੇ ਨਜ਼ਰ ਰਖਦੇ ਹਾਂ। ਦੇਸ਼ ਵਿਚ ਆਉਣ ਵਾਲੇ ਨਿਵੇਸ਼ ਵਿਚੋਂ ਅੱਧਾ ਪਿਛਲੇ ਤਿੰਨ ਸਾਲਾਂ ਵਿਚ ਆਇਆ ਹੈ। ਪਿਛਲੇ ਸਾਲ ਦੇਸ਼ ਵਿਚ ਰੀਕਾਰਡ 16 ਅਰਬ ਡਾਲਰ ਦਾ ਨਿਵੇਸ਼ ਆਇਆ। ਇਹ ਸਰਕਾਰ ਦੀਆਂ ਦੂਰਗਾਮੀ ਨੀਤੀਆਂ ਦਾ ਨਤੀਜਾ ਹੈ।' ਭਾਰਤੀ ਮੂਲ ਦੇ ਲੋਕਾਂ ਨੂੰ ਸੰਸਾਰ ਵਿਚ ਭਾਰਤ ਦੇ ਪੱਕੇ ਰਾਜਦੂਤ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਸਾਲਾਂ ਵਿਚ ਭਾਰਤ ਵਿਚ ਅਹਿਮ ਤਬਦੀਲੀ ਆਈ ਹੈ। ਭਾਰਤ ਪ੍ਰਤੀ ਦੁਨੀਆਂ ਦਾ ਨਜ਼ਰੀਆ ਬਦਲ ਰਿਹਾ ਹੈ ਅਤੇ ਭਾਰਤ ਦੇ ਲੋਕਾਂ ਦੀਆਂ ਉਮੰਗਾਂ ਇਸ ਸਮੇਂ ਸਿਖਰ 'ਤੇ ਹਨ। ਮੋਦੀ ਨੇ ਕਿਹਾ, 'ਜਿਵੇਂ ਪਹਿਲਾਂ ਸੀ, ਉਂਜ ਹੀ ਚਲਦਾ ਰਹੇਗਾ, ਕੁੱਝ ਬਦਲੇਗਾ ਨਹੀਂ, ਇਸ ਸੋਚ ਨਾਲ ਭਾਰਤ ਹੁਣ ਬਹੁਤ ਅੱਗੇ ਵਧ ਚੁੰਕਾ ਹੈ। ਹੋ ਰਹੀ ਤਬਦੀਲੀ ਦਾ ਸਿੱਟਾ ਹਰ ਖੇਤਰ ਵਿਚ ਨਜ਼ਰ ਆਵੇਗਾ। ਸਾਲ 2003 ਵਿਚ ਪ੍ਰਵਾਸੀ ਭਾਰਤੀ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ ਜਦ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਤਦ ਮੰਨਿਆ ਗਿਆ ਸੀ ਕਿ ਮਹਾਤਮਾ ਗਾਂਧੀ ਪਹਿਲੇ ਪ੍ਰਮੁੱਖ ਪ੍ਰਵਾਸੀ ਸਨ ਅਤੇ 9 ਜਨਵਰੀ ਨੂੰ ਦਖਣੀ ਅਫ਼ਰੀਕਾ ਤੋਂ ਪਰਤੇ ਸਨ। (ਏਜੰਸੀ)