
ਨਵੀਂ
ਦਿੱਲੀ, 27 ਸਤੰਬਰ: ਭਾਰਤ-ਮਿਆਮਾਂਰ ਸਰਹੱਦ ਨੇੜੇ ਅੱਜ ਤੜਕੇ ਭਾਰਤੀ ਫ਼ੌਜ ਨੇ ਕੱਟੜਪੰਥੀ
ਜਥੇਬੰਦੀ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ-ਖਾਪਲਾਂਗ (ਐਨ.ਐਸ.ਸੀ.ਐਨ.-ਕੇ.) ਵਿਰੁਧ
ਜਵਾਬੀ ਗੋਲਾਬਾਰੀ ਕਰਦੇ ਹੋਏ ਸੰਗਠਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।
ਫ਼ੌਜ ਦੇ
ਅਧਿਕਾਰੀਆਂ ਨੇ ਦਸਿਆ ਕਿ ਜਵਾਬੀ ਕਾਰਵਾਈ ਦੌਰਾਨ ਭਾਰਤੀ ਫ਼ੌਜ ਨੂੰ ਕੋਈ ਨੁਕਸਾਨ ਨਹੀਂ
ਹੋਇਆ। ਪੂਰਬੀ ਕਮਾਨ ਵਲੋਂ ਜਾਰੀ ਬਿਆਨ ਅਨੁਸਾਰ ਭਾਰਤੀ-ਮਿਆਮਾਂਰ ਸਰਹੱਦ 'ਤੇ ਤੈਨਾਤ
ਭਾਰਤੀ ਫ਼ੌਜ ਦੀ ਇਕ ਟੀਮ 'ਤੇ ਸਵੇਰੇ ਲਗਭਗ ਪੌਣੇ ਪੰਜ ਵਜੇ ਐਨ.ਐਸ.ਸੀ.ਐਨ. ਦੇ ਅਣਪਛਾਤੇ
ਕੱਟੜਪੰਥੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਦੇ ਜਵਾਬ ਵਿਚ ਭਾਰਤੀ ਫ਼ੌਜ ਨੇ ਵੀ
ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਕੱਟੜਪੰਥੀ ਮੌਕੇ 'ਤੋਂ ਫ਼ਰਾਰ ਹੋ ਗਏ। ਜਾਣਕਾਰੀ
ਅਨੁਸਾਰ ਇਸ ਹਮਲੇ ਵਿਚ ਕੱਟੜਪੰਥੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਬਿਆਨ ਵਿਚ ਦਾਅਵਾ
ਕੀਤਾ ਗਿਆ ਹੈ ਕਿ ਭਾਰਤੀ ਫ਼ੌਜ ਨੇ ਕੌਮਾਂਤਰੀ ਸਰਹੱਦ ਪਾਰ ਨਹੀਂ ਕੀਤੀ। ਫ਼ੌਜ ਦੇ ਸੂਤਰਾਂ
ਅਨੁਸਾਰ ਇਹ ਕਾਰਵਾਈ ਕੋਈ ਸਰਜੀਕਲ ਸਟਰਾਈਕ ਨਹੀਂ ਸੀ। ਪੂਰਬੀ ਕਮਾਨ ਨੇ ਇਕ ਟਵੀਟ ਵਿਚ
ਕਿਹਾ ਕਿ ਇਸ ਹਮਲੇ ਵਿਚ ਭਾਰਤੀ ਫ਼ੌਜੀਆਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਗ਼ਲਤ ਹਨ। ਜੂਨ 2015
ਵਿਚ ਵੀ ਫ਼ੌਜ ਨੇ ਮਣੀਪੁਰ ਵਿਚ ਪਾਬੰਦੀਸ਼ੁਦਾ ਕੱਟੜਪੰਥੀ ਜਥੇਬੰਦੀ ਵਿਰੁਧ ਅਜਿਹੀ ਕਾਰਵਾਈ
ਕੀਤੀ ਸੀ। (ਪੀਟੀਆਈ)