
SYL ਮਸਲੇ 'ਤੇ ਸੁਨੀਲ ਜਾਖੜ ਦੀ ਅਗਵਾਈ ’ਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ ਦੀ ਮੀਟਿੰਗ
ਚੰਡੀਗੜ੍ਹ: ਐਸ.ਵਾਈ.ਐਲ. ਮਸਲੇ 'ਤੇ ਸੁਨੀਲ ਜਾਖੜ ਦੀ ਅਗਵਾਈ ’ਚ ਅੱਜ ਪੰਜਾਬ ਭਾਜਪਾ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਖ਼ਤਮ ਹੁੰਦਿਆਂ ਹੀ ਭਾਜਪਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਨਾ ਸ਼ੁਰੂ ਕਰ ਦਿਤਾ। ਭਾਜਪਾ ਨੇ ਸਪੱਸ਼ਟ ਕੀਤਾ ਕਿ ਉਹ ਇਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗੀ।
ਇਹ ਵੀ ਪੜ੍ਹੋ: ਛੁੱਟੀ ਕੱਟ ਕੇ ਡਿਊਟੀ ਵਾਪਸ ਜਾ ਰਹੇ ਫ਼ੌਜੀ ਦੀ ਸੜਕ ਹਾਦਸੇ ’ਚ ਮੌਤ
ਭਾਜਪਾ ਕੋਰ ਕਮੇਟੀ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕਮੇਟੀ ਮੈਂਬਰ ਸ਼ਾਮਲ ਹੋਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਭਾਜਪਾ ਵਰਕਰ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦੀ ਰਿਹਾਇਸ਼ ਘਰ ਵੱਲ ਵਧਣ ਲੱਗੇ। ਜਦੋਂ ਉਨ੍ਹਾਂ ਨੂੰ ਅੱਧ ਵਿਚਕਾਰ ਰੋਕਿਆ ਗਿਆ ਤਾਂ ਰਸਤੇ ਵਿਚ ਭਾਜਪਾ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇਸ ਦੌਰਾਨ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ।
ਇਹ ਵੀ ਪੜ੍ਹੋ: ਪਲਾਸਟਿਕ ਸਰਜਰੀ ਕਾਰਨ ਸਾਬਕਾ ਬਿਊਟੀ ਕੁਈਨ ਦੀ ਮੌਤ! ਸਦਮੇ 'ਚ ਫ਼ਿਲਮ ਇੰਡਸਟਰੀ
ਮੀਟਿੰਗ ਮਗਰੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਇਕ ਵਾਰ ਫਿਰ ਪਾਣੀਆਂ ਦਾ ਭੂਚਾਲ ਆ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਪੰਜਾਬ ਦਾ ਪੱਖ ਕਮਜ਼ੋਰੀ ਨਾਲ ਪੇਸ਼ ਕੀਤਾ, ਜਿਸ ਕਾਰਨ ਅੱਜ ਪੰਜਾਬੀਆਂ ਨੂੰ ਨਮੋਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਰਹੀਆਂ ਬਾਕੀ ਸਰਕਾਰਾਂ ਨੇ ਪਾਣੀਆਂ ਦੇ ਮਸਲੇ ’ਤੇ ਅਪਣਾ ਸਟੈਂਡ ਸਪੱਸ਼ਟ ਰੱਖਿਆ ਪਰ ਆਮ ਆਦਮੀ ਪਾਰਟੀ ਨੇ ਸੁਪ੍ਰੀਮ ਕੋਰਟ ਵਿਚ ਦੋਗਲਾਪਣ ਦਿਖਾਇਆ। ਉਨ੍ਹਾਂ ਕਿਹਾ ਕਿ ਸਰਕਾਰ ਅਦਾਲਤ ਦੇ ਅੰਦਰ ਐਸ.ਵਾਈ.ਐਲ. ਦੇ ਹੱਕ ਵਿਚ ਭੁਗਤੀ ਜਦਕਿ ਬਾਹਰ ਆ ਕੇ ਪਾਣੀ ਨਾ ਦੇਣ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ 4 ਤੋਂ 17 ਸਾਲ ਦੇ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪੰਜਾਬ ਭਾਜਪਾ ਕਿਸੇ ਵੀ ਪੰਜਾਬੀ ਨੂੰ ਤੱਤੀ ਵਾਹ ਨਹੀਂ ਲੱਗਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਅਤੇ ਪਾਣੀ ਨਾਲ ਕੋਈ ਖਿਲਵਾੜ ਨਹੀਂ ਕਰਨ ਦੇਵੇਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਇਹ ਸਾਜ਼ਸ਼ ਹਰਿਆਣਾ 'ਚ ਵੋਟਾਂ ਲੈਣ ਲਈ ਕਰ ਰਹੀ ਹੈ| ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਨੂੰ ਇਸ ਮਸਲੇ ਬਾਰੇ ਜਾਣੂ ਕਰਾਵਾਂਗੇ।