
ਸ਼ਿਵਕੁਮਾਰ ਨੇ ਲਗਾਏ 'ਸਿਆਸੀ ਰੰਜਿਸ਼' ਦੇ ਦੋਸ਼
ਸ਼ਿਵਮੋਗਾ - ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਨ੍ਹਾਂ ਨੂੰ 22 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ, ਜਦਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉਨ੍ਹਾਂ ਦੀ ਬੇਟੀ ਨੂੰ ਨੋਟਿਸ ਭੇਜਿਆ ਹੈ।
ਸੂਬੇ ਵਿੱਚ ਮਈ ਵਿੱਚ ਹੋਣ ਵਾਲੀਆਂ ਸੰਭਾਵਿਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ 'ਪ੍ਰਜਾ ਧਵਨੀ ਯਾਤਰਾ' ਕਰ ਰਹੇ ਸਾਬਕਾ ਮੰਤਰੀ ਸ਼ਿਵਕੁਮਾਰ ਨੇ ਦੋਸ਼ ਲਾਇਆ ਕਿ ਐਨਫ਼ੋਰਸਮੈਂਟ ਡਾਇਰੈਕਟੋਰੇਟ ਅਤੇ ਕੇਂਦਰੀ ਜਾਂਚ ਬਿਊਰੋ ਨੂੰ ਸਿਰਫ਼ ਵਿਰੋਧੀ ਧਿਰ ਬਾਰੇ ਹੀ 'ਨਿਰਦੇਸ਼' ਦਿੱਤੇ ਗਏ ਹਨ, ਸੱਤਾਧਾਰੀ ਪਾਰਟੀ ਦੇ ਆਗੂਆਂ ਬਾਰੇ ਨਹੀਂ।
ਘਟਨਾਕ੍ਰਮ ਤੋਂ ਨਿਰਾਸ਼ ਸ਼ਿਵਕੁਮਾਰ ਨੇ ਕਿਹਾ, "ਹਰ ਰੋਜ਼ ਨੋਟਿਸ ਆ ਰਹੇ ਹਨ, ਕੱਲ੍ਹ ਮੇਰੀ ਬੇਟੀ ਕੋਲ ਆਇਆ ਹੈ। ਫ਼ੀਸ ਦੇ ਭੁਗਤਾਨ ਅਤੇ ਇਮਤਿਹਾਨ ਪਾਸ ਕਰਨ ਸੰਬੰਧੀ ਸਾਡੇ ਕਾਲਜ ਨੂੰ ਵੀ ਨੋਟਿਸ ਮਿਲਿਆ ਹੈ। ਮੈਂ ਕੀ ਕਰਾਂ? ਜੇ ਉਹ ਮੇਰੇ ਤੋਂ ਕਾਲਜ ਦੀ ਫ਼ੀਸ ਦੇ ਭੁਗਤਾਨ ਬਾਰੇ ਸਵਾਲ ਕਰ ਰਹੇ ਹਨ, ਤਾਂ ਕਲਪਨਾ ਕਰੋ ਕਿ ਉਹ ਕੀ ਪੁੱਛ ਰਹੇ ਹਨ। ਮੈਂ ਇਸ ਨੂੰ (ਰੱਬ) ਉੱਤੇ ਛੱਡਦਾ ਹਾਂ।"
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਈ.ਡੀ. ਨੂੰ ਜਵਾਬ ਦੇ ਦਿੱਤਾ ਹੈ ਅਤੇ ਹੁਣ ਇਹ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਮੈਂ 'ਨੈਸ਼ਨਲ ਹੈਰਾਲਡ' ਨੂੰ ਦਿੱਤਾ ਹੈ ਅਤੇ ਹੁਣ ਉਹ ਮੈਨੂੰ ਦੁਬਾਰਾ 22 ਫਰਵਰੀ ਨੂੰ ਈ.ਡੀ. ਸਾਹਮਣੇ ਪੇਸ਼ ਹੋਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕੇ ਕੀ ਕਰੀਏ? ਕੀ ਮੈਨੂੰ 'ਪ੍ਰਜਾ ਧਵਨੀ ਯਾਤਰਾ' ਨਾਲ ਅੱਗੇ ਵਧਣਾ ਚਾਹੀਦਾ ਹੈ ਜਾਂ ਈ.ਡੀ. ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਮੈਂ ਇਸ 'ਤੇ ਵਿਚਾਰ ਕਰ ਰਿਹਾ ਹਾਂ।
ਉਨ੍ਹਾਂ ਕਿਹਾ, "ਇਹ (ਈ.ਡੀ. ਅਤੇ ਸੀ.ਬੀ.ਆਈ. ਜਾਂਚ) ਸਿਰਫ਼ ਵਿਰੋਧੀ ਪਾਰਟੀਆਂ ਖ਼ਿਲਾਫ਼ ਹੈ, ਨਾ ਕਿ ਸੱਤਾਧਾਰੀ ਪਾਰਟੀ ਵਿਰੁੱਧ, ਭਾਵੇਂ ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਕੀਤੇ ਹੋਣ, ਕੋਈ ਵੀ ਈ.ਡੀ. ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕਰਦਾ।"
ਸ਼ਿਵਕੁਮਾਰ ਇਸ ਤੋਂ ਪਹਿਲਾਂ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਦਿੱਲੀ 'ਚ ਈ.ਡੀ. ਸਾਹਮਣੇ ਪੇਸ਼ ਹੋਏ ਸਨ।