
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ‘ਵਿਕਾਸ’ ਦੇ ਮਾਡਲ ’ਤੇ ਕੰਮ ਕਰ ਰਹੀ ਹੈ, ਜਦਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਖਤਮ ਕਰ ਕੇ ਅਤੇ ਉਨ੍ਹਾਂ ਦੀਆਂ ਸਰਕਾਰਾਂ ਨੂੰ ਉਖਾੜ ਕੇ ‘ਤਬਾਹੀ’ ਦਾ ਮਾਡਲ ਅਪਣਾ ਰਹੀ ਹੈ।
ਹਾਲ ਹੀ ’ਚ ਵਿਧਾਨ ਸਭਾ ’ਚ ‘ਆਪ’ ਸਰਕਾਰ ਵਲੋਂ ਪੇਸ਼ ਕੀਤੇ ਗਏ 2024-25 ਦੇ ਬਜਟ ’ਤੇ ਸਦਨ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਇੰਨਾ ਚੰਗਾ ਬਜਟ ਹੈ ਕਿ ਲੋਕ ਹੁਣ ਕਹਿ ਰਹੇ ਹਨ ਕਿ ‘ਆਪ’-ਕਾਂਗਰਸ ਗੱਠਜੋੜ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤੇਗਾ। ਕੇਜਰੀਵਾਲ ਨੇ ਕਿਹਾ ਕਿ ਬਜਟ ’ਚ ਐਲਾਨੀ ਗਈ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਤਹਿਤ ਪਰਵਾਰ ਦੀ ਹਰ ਔਰਤ ਨੂੰ 1,000 ਰੁਪਏ ਦਿਤੇ ਜਾਣਗੇ।
ਕੇਜਰੀਵਾਲ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਯਾਦ ਕੀਤਾ, ਜੋ ਇਸ ਸਮੇਂ ਆਬਕਾਰੀ ਨੀਤੀ ਨਾਲ ਜੁੜੇ ਇਕ ਮਾਮਲੇ ’ਚ ਜੇਲ੍ਹ ’ਚ ਹਨ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਅਗਲੇ ਸਾਲ ਉਹ (ਸਿਸੋਦੀਆ) ਵਿਧਾਨ ਸਭਾ ’ਚ ਬਜਟ ਪੇਸ਼ ਕਰਨਗੇ।’’ ਕੇਜਰੀਵਾਲ ਨੇ ਵਿੱਤ ਮੰਤਰੀ ਆਤਿਸ਼ੀ ਦੀ ਸ਼ਾਨਦਾਰ ਬਜਟ ਪੇਸ਼ ਕਰਨ ਲਈ ਵੀ ਸ਼ਲਾਘਾ ਕੀਤੀ ਜੋ ਸਮਾਜ ਦੇ ਹਰ ਵਰਗ ਦੀ ਪਰਵਾਹ ਕਰਦਾ ਹੈ। ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਮਈ 2014 ’ਚ ਭਾਰੀ ਬਹੁਮਤ ਨਾਲ ਕੇਂਦਰ ’ਚ ਸੱਤਾ ’ਚ ਆਈ ਸੀ ਪਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਰਤੋਂ ਕਰ ਕੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਕੇ ਤਬਾਹੀ ਦਾ ਮਾਡਲ ਅਪਣਾਇਆ।
ਕੇਜਰੀਵਾਲ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਫੜ ਕੇ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਰੋਕ ਕੇ ਦਿੱਲੀ ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
(For more Punjabi news apart from Arvind Kejriwal statement on BJP News, stay tuned to Rozana Spokesman)