
ਸ਼ਰਦ ਪਵਾਰ ਦਾ ਜ਼ਿਕਰ ਕੀਤੇ ਬਗ਼ੈਰ ਯਸ਼ਵੰਤਰਾਉ ਨੂੰ ਪ੍ਰੇਰਣਾ ਸਰੋਤ ਕਰਾਰ ਦਿਤਾ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਚ ਫੁੱਟ ਨੂੰ ਲੈ ਕੇ ਚੋਣ ਕਮਿਸ਼ਨ ਦੀ ਸੁਣਵਾਈ ਵਿਚਕਾਰ ਬਾਗੀ ਧੜੇ ਦੇ ਮੁਖੀ ਅਜੀਤ ਪਵਾਰ ਨੇ ਮੰਗਲਵਾਰ ਨੂੰ ਖੁਦ ਨੂੰ ਐੱਨ.ਸੀ.ਪੀ. ਦਾ ਕੌਮੀ ਪ੍ਰਧਾਨ ਦਸਿਆ ਹੈ ਅਤੇ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋਣ ਦੇ ਅਪਣੇ ਕਦਮ ਦਾ ਬਚਾਅ ਕੀਤਾ। ਅਜੀਤ ਪਵਾਰ ਨੇ ਅੱਠ ਹੋਰ ਐੱਨ.ਸੀ.ਪੀ. ਵਿਧਾਇਕਾਂ ਨਾਲ ਸ਼ਿਵ ਸੈਨਾ-ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ 2 ਜੁਲਾਈ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਮੰਗਲਵਾਰ ਨੂੰ ਉਪ ਮੁੱਖ ਮੰਤਰੀ ਵਜੋਂ 100 ਦਿਨ ਦਾ ਕਾਰਜਕਾਲ ਪੂਰਾ ਕੀਤਾ।
ਇਸ ਮੌਕੇ ਜਾਰੀ ਇਕ ਬਿਆਨ ’ਚ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਮਰਹੂਮ ਯਸ਼ਵੰਤਰਾਓ ਚਵਾਨ ਨੂੰ ਅਪਣਾ ਪ੍ਰੇਰਨਾ ਸਰੋਤ ਦਸਿਆ। ਹਾਲਾਂਕਿ ਉਨ੍ਹਾਂ ਨੇ ਅਪਣੇ ਚਾਚਾ ਅਤੇ ਐਨ.ਸੀ.ਪੀ. ਦੇ ਸੰਸਥਾਪਕ ਸ਼ਰਦ ਪਵਾਰ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਯਸ਼ਵੰਤਰਾਓ ਚਵਾਨ ਦੀ ਵਿਰਾਸਤ ਦਾ ਵੀ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਦੇ ਪਹਿਲੇ ਮੁੱਖ ਮੰਤਰੀ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਸ਼ਰਦ ਪਵਾਰ (82) ਯਸ਼ਵੰਤਰਾਓ ਚਵਾਨ ਨੂੰ ਅਪਣਾ ਸਿਆਸੀ ਗੁਰੂ ਮੰਨਦੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਆਰਥਕ ਮਜ਼ਬੂਤੀਕਰਨ ਲਈ ਵਚਨਬੱਧ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਐਨ.ਸੀ.ਪੀ. ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਪ ਮੁੱਖ ਮੰਤਰੀ ਨੇ ਕਿਹਾ, ‘‘ਐਨ.ਸੀ.ਪੀ. ਸੱਤਾ ਰਾਹੀਂ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਆਲੋਚਨਾ ਕਿਸੇ ਵੀ ਸਿਆਸਤਦਾਨ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਮੈਂ ਹਮੇਸ਼ਾ ਉਸਾਰੂ ਆਲੋਚਨਾ ਦਾ ਧਿਆਨ ਰੱਖਦਾ ਹਾਂ। ਮੈਂ ਸਕਾਰਾਤਮਕ ਅਤੇ ਵਿਕਾਸ ਦੀ ਸਿਆਸਤ ’ਚ ਯਕੀਨ ਕਰਦਾ ਹਾਂ। ਮੈਂ ਕਿਸੇ ਵੀ ਕੰਮ ਨੂੰ ਉਸ ਦੇ ਤਰਕਪੂਰਨ ਅੰਤ ਤਕ ਲਿਜਾਣ ਅਤੇ ਲੋਕਾਂ ਦੇ ਜੀਵਨ ’ਚ ਸਕਾਰਾਤਮਕ ਤਬਦੀਲੀ ਲਿਆਉਣ ’ਚ ਯਕੀਨ ਰਖਦਾ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਮੇਰੀ ਅਗਵਾਈ ’ਚ ਐਨ.ਸੀ.ਪੀ. ਨੇ 2 ਜੁਲਾਈ, 2023 ਨੂੰ ਅਜਿਹਾ ਹੀ ਸਟੈਂਡ ਅਪਣਾਇਆ ਅਤੇ ਸੂਬਾ ਸਰਕਾਰ ’ਚ ਸ਼ਾਮਲ ਹੋਈ।’’
ਚੋਣ ਕਮਿਸ਼ਨ ਨੇ ਸੋਮਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨਾਂ ਅਤੇ ਚੋਣ ਨਿਸ਼ਾਨ ’ਤੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਦੇ ਦਾਅਵਿਆਂ ’ਤੇ ਸੁਣਵਾਈ ਕੀਤੀ, ਜਦਕਿ ਪਾਰਟੀ ਦੇ ਸ਼ਰਦ ਪਵਾਰ ਦੀ ਅਗਵਾਈ ਵਾਲੇ ਧੜੇ ਨੇ ਦਲੀਲ ਦਿਤੀ ਕਿ ਵਿਰੋਧੀ ਕੈਂਪ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ’ਚ ਕਮੀਆਂ ਸਨ। ਕਮਿਸ਼ਨ ਨੇ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਨਾਲ ਸਬੰਧਤ ਦਾਅਵਿਆਂ ਸਬੰਧੀ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੇ ਕੈਂਪਾਂ ਦੀਆਂ ਦਲੀਲਾਂ ਸੁਣਨ ਲਈ ਅਗਲੀ ਤਰੀਕ 9 ਨਵੰਬਰ ਤੈਅ ਕੀਤੀ ਹੈ। ਅਜੀਤ ਪਵਾਰ ਨੇ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਦਾ ਦਾਅਵਾ ਕਰਦੇ ਹੋਏ ਕਮਿਸ਼ਨ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਐਨਸੀਪੀ ਦੇ 53 ਵਿੱਚੋਂ 42 ਵਿਧਾਇਕਾਂ, ਨੌਂ ’ਚੋਂ ਛੇ ਐਮ.ਐਲ.ਸੀ., ਨਾਗਾਲੈਂਡ ’ਚ ਸਾਰੇ ਸੱਤ ਵਿਧਾਇਕਾਂ ਅਤੇ ਰਾਜ ਸਭਾ ਅਤੇ ਲੋਕ ਸਭਾ ’ਚ ਇਕ-ਇਕ ਮੈਂਬਰ ਦਾ ਸਮਰਥਨ ਹੈ।