
ਗੋਲਡੀ ਨੇ ਕਿਹਾ ਕਿ ਜਦੋਂ ਮੈਂ ਯੂਨੀਵਰਸਿਟੀ ਵਿਚ ਪੜ੍ਹਦਾ ਸੀ ਉਸ ਦੌਰਾਨ ਬਹੁਤ ਲੀਡਰਾਂ ਲਈ ਪ੍ਰਚਾਰ ਕੀਤਾ ਹੈ ਪਰ ਅੱਜ ਉਹ ਲੀਡਰ ਮੇਰੇ ਹੀ ਖਿਲਾਫ ਪ੍ਰਚਾਰ ਕਰ ਰਹੇ ਹਨ।
ਸੰਗਰੂਰ (ਸ਼ੈਸ਼ਵ ਨਾਗਰਾ): ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸੰਗਰੂਰ ਦਾ ਸਿਆਸੀ ਪਾਰਾ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਵੱਲੋਂ ਵੀ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਪ੍ਰਚਾਰ ਦੌਰਾਨ ਧੂਰੀ ਦੇ ਸ਼ੇਰਪੁਰ ਪਿੰਡ ਵਿਚ ਪੱਤਰਕਾਰਾਂ ਵੱਲੋਂ ਗੋਲਡੀ ਨੂੰ ਕੁਝ ਸਵਾਲ ਕੀਤੇ ਗਏ। ਇਸ ਦੌਰਾਨ ਦਲਬੀਰ ਗੋਲਡੀ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਆਮ ਲੋਕਾਂ ਦੇ ਉਮੀਦਵਾਰ ਹਨ, ਜੋ ਜ਼ਮੀਨ ’ਤੇ ਰਹਿ ਕੇ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ‘ਆਪ’ ਸਰਕਾਰ ਨੇ ਬਹੁਤ ਥੋੜ੍ਹੇ ਸਮੇਂ ਵਿਚ ਹੀ ਭਰੋਸਾ ਗੁਆ ਲਿਆ ਹੈ ਤੇ ਪੰਜਾਬ ਵਾਸੀਆਂ ਨੂੰ ਹੁਣ ਆਪਣੀ ਗ਼ਲਤੀ ’ਤੇ ਪਛਤਾਵਾ ਹੋਣ ਲੱਗ ਪਿਆ ਹੈ।
ਗੋਲਡੀ ਵੱਲੋਂ ਇਕ ਨਾਅਰੇ ਨਾਲ ਲੋਕਾਂ ਤੋਂ ਵੋਟ ਦੀ ਮੰਗ ਕੀਤੀ ਜਾ ਰਹੀ ਹੈ ਕਿ ' ਇਕ ਮੌਕਾ ਪੰਜਾਬ ਨੂੰ ਪਿਆ ਭਾਰੀ ਇਸ ਵਾਰ ਦਿਓ ਆਪਣੇ ਗੋਲਡੀ ਨੂੰ ਜ਼ਿੰਮੇਵਰੀ' ਉਹਨਾਂ ਕਿਹਾ ਕਿ ਆਪ ਉਮੀਦਵਾਰਾਂ ਨੇ ਵੱਡੇ-ਵੱਡੇ ਵਾਅਦੇ ਕਰਕੇ ਜਿੱਤ ਤਾਂ ਹਾਸਲ ਕਰ ਲਈ ਪਰ ‘ਆਪ’ ਸਰਕਾਰ ਪੰਜਾਬ ਦੇ ਹਾਲਾਤ ਲੋਕਾਂ ਦੇ ਅਨਕੂਲ ਰੱਖ ਸਕਣ ਤੋਂ ਅਸਮਰੱਥ ਸਾਬਤ ਹੋਈ ਹੈ। ਉਹਨਾਂ ਕਿਹਾ ਪੰਜਾਬ ’ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ ਅਤੇ ਕਤਲ ਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ।
ਉਹਨਾਂ ਕਿਹਾ ਕਿ ਕਾਂਗਰਸ ਨੇ ਮੈਨੂੰ ਬਹੁਤ ਕੁਛ ਦਿੱਤਾ ਹੈ ਮੈਂ ਮਰਦੇ ਦਮ ਤੱਕ ਕਾਂਗਰਸ ਨਹੀਂ ਛੱਡਾਂਗਾ ਜੋ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ ਉਹ ਪਾਰਟੀ ਦੇ ਅਤੇ ਲੋਕਾਂ ਦੇ ਗੱਦਾਰ ਹਨ। ਬੀਜੇਪੀ ਦੇ ਉਮੀਦਵਾਰ ਕੇਵਲ ਢਿੱਲੋਂ ਕਾਂਗਰਸ ਨੂੰ ਛੱਡ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ ਪਰ ਨਾ ਤਾਂ ਉਹਨਾਂ ਨੂੰ ਜਿੱਤ ਮਿਲਣੀ ਹੈ ਤੇ ਯਾਦ ਰੱਖਿਓ ਨਾ ਹੀ ਉਹਨਾਂ ਨੂੰ ਭਾਜਪਾ ਵਿਚ ਉਹ ਮਾਣ ਸਤਿਕਾਰ ਮਿਲੇਗਾ ਜੋ ਕਾਂਗਰਸ ਪਾਰਟੀ ਨੇ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਜਦੋਂ ਮੈਂ ਯੂਨੀਵਰਸਿਟੀ ਵਿਚ ਪੜ੍ਹਦਾ ਸੀ ਉਸ ਦੌਰਾਨ ਬਹੁਤ ਲੀਡਰਾਂ ਲਈ ਪ੍ਰਚਾਰ ਕੀਤਾ ਹੈ ਪਰ ਅੱਜ ਉਹ ਲੀਡਰ ਮੇਰੇ ਹੀ ਖਿਲਾਫ ਪ੍ਰਚਾਰ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਸਿਮਰਜੀਤ ਸਿੰਘ ਮਾਨ ਦੇ ਹੱਕ ਵਿਚ ਭੁਗਤ ਸਕਦੇ ਹਨ ਜਾਂ ਨਹੀਂ ਇਹ ਸਵਾਲ ਪੁੱਛੇ ਜਾਣ ’ਤੇ ਗੋਲਡੀ ਨੇ ਕਿਹਾ ਮੈਂ ਉਹਨਾਂ ਦੀ ਇਜ਼ਤ ਕਰਦਾ ਪਰ ਮੈਨੂੰ ਉਹਨਾਂ ਦੀ ਇਹ ਗੱਲ ਪਸੰਦ ਨਹੀਂ ਆਈ ਕੀ ਉਹ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੀਡੀਆ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਸਿੱਧੂ ਮੂਸੇਵਾਲਾ ਚਾਹੁੰਦੇ ਸਨ ਕਿ ਉਹ ਲੋਕ ਸਭਾ ਦੀ ਚੋਣ ਵਿਚ ਮੇਰੇ ਲਈ ਪ੍ਰਚਾਰ ਕਰਨ ਪਰ ਮੈਂ ਇਕ ਵੀ ਵੋਟ ਸਿੱਧੂ ਮੂਸੇਵਾਲਾ ਦੇ ਨਾਮ ’ਤੇ ਕਿਸੇ ਤੋਂ ਨਹੀਂ ਮੰਗਾਂਗਾ। ਗੋਲਡੀ ਨੇ ਕਿਹਾ ਕਿ ਜੇ ਮੈਂ ਜਿੱਤ ਗਿਆ ਤਾਂ ਸੰਗਰੂਰ ਹਲਕੇ ਨੂੰ ਕਈ ਖੇਡ ਮੈਦਾਨ ਦੇਵਾਂਗਾ। ਇਸ ਤੋਂ ਇਲਾਵਾ ਸੰਗਰੂਰ ਵਿਚ ਪੈਂਦੀਆਂ ਫੈਕਟਰੀਆਂ ਨੂੰ ਕਿਸਾਨਾਂ ਨਾਲ ਸਿੱਧਾ ਜੋੜ ਕੇ ਅਤੇ ਫ਼ਸਲਾਂ ਦੀ ਵਿਭਿੰਨਤਾ ਵੱਲ ਲੈ ਕੇ ਜਾਵਾਂਗਾ।