ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਲਗਾਤਾਰ ਸਰਗਰਮ ਹਨ। ਇਸ ਦੌਰਾਨ ਸਿਆਸੀ ਆਗੂਆਂ ਵਲੋਂ ਇਕ ਦੂਜਿਆਂ ਖਿਲਾਫ਼ ਸ਼ਬਦੀ ਹਮਲਿਆਂ ਦਾ ਦੌਰ ਵੀ ਜਾਰੀ ਹੈ। ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦਿੱਲ਼ੀ ਨਹੀਂ ਸਾਂਭ ਸਕਦੇ ਤਾਂ ਸਾਨੂੰ ਦੇ ਦੇਣ।
ਕਾਂਗਰਸ ਸੰਸਦ ਮੈਂਬਰ ਨੇ ਟਵੀਟ ਕਰਦਿਆਂ ਕਿਹਾ, ‘ਆਮ ਆਦਮੀ ਪਾਰਟੀ ਦੇ ਪਿਛਲੇ 7 ਸਾਲਾਂ ਦੇ ਸ਼ਾਸਨ ਦੌਰਾਨ ਦਿੱਲੀ ਦੁਨੀਆਂ ਦੀ ਇਕਲੌਤੀ ਰਾਜਧਾਨੀ ਬਣ ਗਈ ਹੈ ਜਿੱਥੇ ਮਨੁੱਖ ਦੁਆਰਾ ਬਣਾਏ ਗਏ ਕੂੜੇ ਦੇ ਪਹਾੜ ਹਨ। ਪੰਜਾਬੀਆਂ ਦਾ ਦਿੱਲੀ ਵਿਚ ਦਾਖਲਾ ਕੂੜੇ ਦੇ ਪਹਾੜ ਦੀ ਬਦਬੂ ਅਤੇ ਵਾਤਾਵਰਣ ਨੂੰ ਤਬਾਹ ਕਰਨ ਵਾਲੇ ਇਕ ਦੁਖਦਾਈ ਦ੍ਰਿਸ਼ ਨਾਲ ਹੁੰਦਾ ਹੈ’।
ਉਹਨਾਂ ਅੱਗੇ ਕਿਹਾ, ‘ਇਕ ਵਾਰ ਫਿਰ ਵਿੰਟਰ ਸਮੋਗ ਲਈ ਮਾੜੀ ਤਿਆਰੀ ਕਾਰਨ ਸਕੂਲਾਂ ਨੂੰ ਬੰਦ ਕਰਨਾ ਪਿਆ। 'ਆਪ' ਅਤੇ ਕੇਜਰੀਵਾਲ ਦਿੱਲੀ ਨੂੰ ਨਹੀਂ ਸੰਭਾਲ ਸਕਦੇ ਜੋ ਪੰਜਾਬ ਦੇ ਮੁਕਾਬਲੇ ਭੂਗੋਲਿਕ ਤੌਰ 'ਤੇ ਬਹੁਤ ਛੋਟੀ ਹੈ ਪਰ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਵੱਡੇ ਅਤੇ ਝੂਠੇ ਵਾਅਦੇ ਕਰ ਰਹੇ ਹਨ’।
ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ, ‘ਜਦੋਂ ਕੋਈ ਸਵਾਲ ਕਰਦਾ ਹੈ ਤਾਂ ਉਹ ਅਸਾਨੀ ਨਾਲ ਇਹ ਕਹਿ ਕੇ ਬਚ ਨਿਕਲਦੇ ਹਨ ਕਿ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਦੁਨੀਆਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣਾ ਘਰ ਸਾਫ਼ ਕਰੋ। ਜੇਕਰ ਤੁਸੀਂ ਦਿੱਲੀ ਵਰਗੇ ਛੋਟੇ ਸ਼ਹਿਰ ਨੂੰ ਨਹੀਂ ਸੰਭਾਲ ਸਕਦੇ ਤਾਂ ਉਹ ਸਾਨੂੰ ਦਿਓ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਾਫ਼ ਵਾਤਾਵਰਨ ਕਿਹੋ ਜਿਹਾ ਦਿਖਾਈ ਦਿੰਦਾ ਹੈ’। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਲੋਕਾਂ ਨੂੰ ਕਈ ਗਰੰਟੀਆਂ ਦੇ ਚੁੱਕੇ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਜਾ ਰਿਹਾ ਹੈ।