
ਕਿਹਾ, ਜਦ ਵੀ ਅਡਾਨੀ ਮਾਮਲਾ ਚੁਕਿਆ ਜਾਂਦਾ ਹੈ ਤਾਂ ਏਜੰਸੀਆਂ ਨੂੰ ਜਾਸੂਸੀ ਵਿਚ ਲਗਾ ਦਿਤਾ ਜਾਂਦਾ ਹੈ
Rahul Gandhi on iPhone warning: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਆਈਫ਼ੋਨ ਨੂੰ ਸਰਕਾਰ ਦੁਆਰਾ ਸਪਾਂਸਰ ਕੀਤੇ ਹੈਕਰਾਂ ਵਲੋਂ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਸਿਰਫ਼ ਅਡਾਨੀ ਸਮੂਹ ਦੇ ਮਾਮਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਨ ਇਹ ਦਾਅਵਾ ਵੀ ਕੀਤਾ ਕਿ ਉਦਯੋਗਪਤੀ ਗੌਤਮ ਅਡਾਨੀ ਦੇਸ਼ ਵਿਚ ਨੰਬਰ ਇਕ ਹਨ ਅਤੇ ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨੰਬਰ ਆਉਂਦਾ ਹੈ।
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਦੋਂ ਵੀ ਅਡਾਨੀ ਨਾਲ ਜੁੜਿਆ ਮਾਮਲਾ ਚੁਕਿਆ ਜਾਂਦਾ ਹੈ ਤਾਂ ਏਜੰਸੀਆਂ ਨੂੰ ਜਾਸੂਸੀ ਵਿਚ ਲਗਾ ਦਿਤਾ ਜਾਂਦਾ ਹੈ। ਕਾਂਗਰਸ ਨੇਤਾ ਨੇ ਸਰਕਾਰ ’ਤੇ ਜਾਸੂਸੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਦੇ ਫ਼ੋਨ ਟੈਪ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਦਫ਼ਤਰਾਂ ’ਚ ਵੀ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਡਰਨ ਵਾਲੇ ਨਹੀਂ ਹਨ ਅਤੇ ਸਰਕਾਰ ਦੀਆਂ ਨੀਤੀਆਂ ਵਿਰੁਧ ਲਗਾਤਾਰ ਆਵਾਜ਼ ਚੁੱਕਦੇ ਰਹਿਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਦਫ਼ਤਰ ਵੀ ਇਸ ਦੀ ਲਪੇਟ ਵਿਚ ਹੈ। ਵਿਰੋਧੀ ਨੇਤਾਵਾਂ ਨੂੰ ਐਪਲ ਤੋਂ ਇਕ ਨੋਟਿਸ ਮਿਲਿਆ ਹੈ ਜਿਸ ਵਿਚ ਲਿਖਿਆ ਹੈ ਕਿ ਸਰਕਾਰ ਤੁਹਾਡੇ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ,“ਇਹ ਸੰਦੇਸ਼ ਮੇਰੇ ਦਫ਼ਤਰ ਦੇ ਲੋਕਾਂ ਦੇ ਨਾਲ-ਨਾਲ ਕਈ ਵਿਰੋਧੀ ਨੇਤਾਵਾਂ ਨੂੰ ਵੀ ਮਿਲਿਆ ਹੈ। ਸਾਡੇ ਕੋਲ ਇਸ ਦੀ ਪੂਰੀ ਸੂਚੀ ਹੈ। ਸਰਕਾਰ ਹੁਣ ਵਿਰੋਧੀ ਨੇਤਾਵਾਂ ਦੀ ਜਾਸੂਸੀ ਕਰ ਰਹੀ ਹੈ। ਅੱਜ ਹੀ ਐਪਲ ਤੋਂ ਨੋਟੀਫ਼ੀਕੇਸ਼ਨ ਆਇਆ ਹੈ ਕਿ ਤੁਸੀਂ ਸਰਕਾਰ ਦੇ ਨਿਸ਼ਾਨੇ ’ਤੇ ਹੋ। ਸਰਕਾਰ ਸਾਡੀ ਜਾਸੂਸੀ ਕਰ ਰਹੀ ਹੈ। ਸਾਡੇ ਫੋਨ ਟੈਪ ਕੀਤੇ ਜਾ ਰਹੇ ਹਨ ਪਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਿੰਨੀ ਟੇਪਿੰਗ ਕੀਤੀ ਜਾਵੇ, ਜਿੰਨੀ ਵੀ ਫੋਨ ਰਿਕਾਰਡਿੰਗ ਕੀਤੀ ਜਾਵੇ, ਇਸ ਨਾਲ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਅਸੀਂ ਇਸ ਤੋਂ ਪਿੱਛੇ ਹਟਣ ਵਾਲੇ ਨਹੀਂ ਹਾਂ।’’
ਉਨ੍ਹਾਂ ਕਿਹਾ,‘‘ਕਈ ਵਿਰੋਧੀ ਨੇਤਾ ਅਪਣੇ ਐਪਲ ਫੋਨ ਅਤੇ ਹੋਰ ਡਿਵਾਈਸਾਂ ਦੀ ‘ਹੈਕਿੰਗ’ ਦਾ ਦੋਸ਼ ਲਗਾ ਰਹੇ ਹਨ ਅਤੇ ਬਹੁਤ ਘੱਟ ਲੋਕ ਇਸ ਵਿਰੁਧ ਲੜ ਰਹੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਤੁਸੀਂ ਜਿੰਨਾ ਚਾਹੋ ਫੋਨ ਟੈਪਿੰਗ ਕਰ ਸਕਦੇ ਹੋ। ਮੈਨੂੰ ਕੋਈ ਪਰਵਾਹ ਨਹੀਂ। ਜੇਕਰ ਤੁਸੀਂ ਮੇਰਾ ਫ਼ੋਨ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੇ ਦਿਆਂਗਾ।’’ ਗਾਂਧੀ ਨੇ ਕਿਹਾ,‘‘ਮੇਰੇ ਦਫ਼ਤਰ ਦੇ ਕਈ ਲੋਕਾਂ ਨੂੰ ਵੀ ਅਜਿਹੇ ਸੰਦੇਸ਼ ਮਿਲੇ ਹਨ। ਕੇਸੀ ਵੇਣੂਗੋਪਾਲ, ਸੁਪਿ੍ਰਆ ਸ੍ਰੀਨੇਤ, ਪਵਨ ਖੇੜਾ ਨੂੰ ਵੀ ਇਹ ਸੰਦੇਸ਼ ਮਿਲਿਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਭਾਜਪਾ ਸਰਕਾਰ ਮੁੱਦਿਆਂ ਤੋਂ ਧਿਆਨ ਹਟਾ ਰਹੀ ਹੈ।’’
ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੇ ਅਤੇ ਹੋਰ ਵਿਰੋਧੀ ਨੇਤਾਵਾਂ ਦੇ ਫੋਨ ਟੈਪ ਕਰ ਰਹੀ ਹੈ। ਇਸ ਸੰਦਰਭ ਵਿਚ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਬੂਤ ਵਜੋਂ ਫੋਨ ਬਣਾਉਣ ਵਾਲੀ ਕੰਪਨੀ ਤੋਂ ਈ-ਮੇਲ ’ਤੇ ਮਿਲੀ ਚੇਤਾਵਨੀ ਦੀ ਕਾਪੀ ਵੀ ਦਿਖਾਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਹਮਲਾਵਰ ਉਸ ਦੇ ਫੋਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
(For more news apart from Rahul Gandhi on iPhone warning stay tuned to Rozana Spokesman)