
ਸੂਬੇ ਵਿਚਲੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ
ਚੰਡੀਗੜ੍ਹ: ਭੂਮੀ ਸਿਹਤ ਪ੍ਰਬੰਧਨ ਦੀ ਦਿਸ਼ਾ ਵੱਲ ਇਕ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਸਰਕਾਰ ਵਲੋਂ ਅਪਣੇ ਪ੍ਰਮੁੱਖ ਪ੍ਰੋਗਰਾਮ ਮਿਸ਼ਨ ਤੰਦਰਸਤ ਪੰਜਾਬ ਤਹਿਤ ਸੂਬੇ ਦੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਸ. ਕੇ.ਐਸ. ਪੰਨੂੰ ਨੇ ਦੱਸਿਆ ਕਿ ਜ਼ਮੀਨ ਦੇ ਖ਼ੁਰਾਕੀ ਤੱਤਾਂ ਦੇ ਇਹ ਨਕਸ਼ੇ ਮਿੱਟੀ ਦੀ ਪੌਸ਼ਟਿਕਤਾ ਅਤੇ ਫ਼ਸਲ ਦੀ ਪੈਦਾਵਾਰ ਵਿਚ ਸੁਧਾਰ ਕਰਨ ਅਤੇ ਰਸਾਇਣਿਕ ਖਾਦਾਂ ਦੀ ਸੰਜਮ ਨਾਲ ਵਰਤੋਂ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਹਨ।
K.S. Pannu
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਭੂਮੀ ਸਿਹਤ ਕਾਰਡ ਸਕੀਮ ਤਹਿਤ 12581 ਪਿੰਡਾਂ ਵਿਚੋਂ ਮਿੱਟੀ ਦੇ ਤਕਰੀਬਨ 17 ਲੱਖ ਨਮੂਨੇ ਲਏ ਗਏ ਅਤੇ 20 ਲੱਖ ਭੂਮੀ ਸਿਹਤ ਕਾਰਡ ਤਿਆਰ ਕੀਤੇ ਗਏ ਹਨ। ਇਸ ਤੋਂ ਬਾਅਦ ਇਸ ਡਾਟੇ ਦੀ ਵਰਤੋਂ ਜੀ.ਪੀ.ਐਸ. ਨਾਲ ਕਰਕੇ ਜ਼ਮੀਨ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕੀਤੇ ਗਏ। ਸ. ਪੰਨੂੰ ਨੇ ਦੱਸਿਆ ਕਿ ਬਲਾਕ ਅਨੁਸਾਰ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕਰਨ ਅਤੇ ਸੂਬੇ ਵਿਚਲੇ 150 ਬਲਾਕਾਂ ਦੇ 12581 ਪਿੰਡਾਂ ਵਿਚ ਇਹ ਨਕਸ਼ੇ ਲਗਾਉਣ ਲਈ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਕਸ਼ਿਆਂ ਰਾਹੀਂ ਜ਼ਮੀਨ ਦੇ 8 ਖ਼ੁਰਾਕੀ ਤੱਤ ਜਿਵੇਂ ਆਰਗੈਨਿਕ ਕਾਰਬਨ, ਫਾਸਫੋਰਸ , ਪੋਟਾਸ਼, ਸਲਫ਼ਰ, ਜ਼ਮੀਨ ਪੀ.ਐਚ, ਜ਼ਿੰਕ, ਲੋਹਾ ਅਤੇ ਮੈਗਨੀਜ਼ ਦੀ ਮਾਤਰਾ ਦਰਸਾਈ ਗਈ ਹੈ। ਇਨ੍ਹਾਂ ਨਕਸ਼ਿਆਂ ਵਿਚ ਜ਼ਮੀਨ ਦੇ 8 ਖ਼ੁਰਾਕੀ ਤੱਤਾਂ ਦੀ ਉਪਲੱਬਧਤਾ ਵੱਖ-ਵੱਖ ਰੰਗਾਂ ਨਾਲ ਵਿਖਾਈ ਗਈ ਹੈ, ਜਿਸ ਵਿਚ ਲਾਲ ਰੰਗ ਤੱਤ ਦੀ ਘਾਟ ਅਤੇ ਹਰਾ ਰੰਗ ਤੱਤ ਦੀ ਜ਼ਮੀਨ ਵਿੱਚ ਬਹੁਤਾਤ ਨੂੰ ਦਰਸਾਉਂਦਾ ਹੈ, ਜਦੋਂ ਕਿ ਪੀਲਾ ਰੰਗ ਜ਼ਮੀਨ ਦਾ ਖੁਰਾਕੀ ਪੱਧਰ ਆਮ ਵਾਂਗ ਹੋਣ ਦਾ ਪ੍ਰਤੀਕ ਹੈ।
Giant Leap under Tandrust Punjab Mission
ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਹਰੇਕ ਬਲਾਕ ਲਈ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਇਹ ਨਕਸ਼ੇ ਤਿਆਰ ਕਰਕੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਜਿਵੇਂ ਸਹਿਕਾਰੀ ਸਭਾਵਾਂ, ਪੰਚਾਇਤ ਘਰਾਂ ਅਤੇ ਗੁਰਦੁਆਰੇ ਦੇ ਨਜ਼ਦੀਕ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਤੋਂ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦਾ ਟੀਚਾ ਹੈ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਇਹ ਨਕਸ਼ੇ ਸਮੁੱਚੇ ਪਿੰਡਾਂ ਵਿੱਚ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਰਸਾਇਣਿਕ ਖਾਦਾਂ ਦੀ ਬਿਨਾਂ ਸਿਫ਼ਾਰਿਸ਼, ਲੋੜ ਤੋਂ ਜ਼ਿਆਦਾ ਵਰਤੋਂ ਨਾਲ ਜ਼ਮੀਨ ਦੇ ਖੁਰਾਕੀ ਤੱਤਾਂ ਅਤੇ ਫ਼ਸਲ ਦੀ ਪੈਦਾਵਾਰ 'ਤੇ ਮਾੜਾ ਪ੍ਰਭਾਵ ਪੈਣ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਸ. ਪੰਨੂੰ ਨੇ ਆਸ ਜਤਾਈ ਇਸ ਉਪਰਾਲੇ ਅਤੇ ਇਸ ਸਬੰਧੀ ਵਿੱਢੀ ਜਾਗਰੂਕਤਾ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸ. ਪੰਨੂੰ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ ਭਰੇ ਗਏ ਨਮੂਨਿਆਂ ਵਿੱਚੋਂ 1,09,244 ਵਿੱਚ ਜ਼ਿੰਕ, 99,978 ਵਿੱਚ ਸਲਫ਼ਰ, 1,10,632 ਵਿੱਚ ਲੋਹੇ ਅਤੇ 4,55,592 ਵਿੱਚ ਮੈਗਨੀਜ਼ ਦੀ ਘਾਟ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਪੋਟਾਸ਼ ਦੀ ਘਾਟ ਵਾਲੇ ਖੇਤਰਾਂ ਵਿੱਚ ਐਨ.ਪੀ.ਕੇ. ਅਤੇ ਐਮ.ਓ.ਪੀ. ਅਤੇ ਜ਼ਿੰਕ ਅਤੇ ਸਲਫ਼ਰ ਦੀ ਘਾਟ ਵਾਲੇ ਖੇਤਰਾਂ ਵਿਚ ਕ੍ਰਮਵਾਰ ਜ਼ਿੰਕ ਸਲਫੇਟ ਅਤੇ ਜਿਪਸਮ ਦੀ ਢੁਕਵੀਂ ਸਪਲਾਈ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਇਨ੍ਹਾਂ ਦੀ ਸਪਲਾਈ ਕੀਤੀ ਜਾ ਸਕੇ।