
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਵਿਰੁਧ ਸੁਰ ਹੋਰ ਤਿੱਖੀ ਕਰਦਿਆਂ ਐਲਾਨ..........
ਬਠਿੰਡਾ, : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਵਿਰੁਧ ਸੁਰ ਹੋਰ ਤਿੱਖੀ ਕਰਦਿਆਂ ਐਲਾਨ ਕੀਤਾ ਹੈ ਕਿ ਦੋ ਅਗੱਸਤ ਨੂੰ ਹੋ ਰਹੀ ਬਠਿੰਡਾ ਕਨਵੈਨਸ਼ਨ ਦਾ ਮੁੱਖ ਏਜੰਡਾ ਪੰਜਾਬ ਯੂਨਿਟ ਦੀ ਖ਼ੁਦਮੁਖ਼ਤਾਰੀ ਦਾ ਹੋਵੇਗਾ। ਅੱਜ ਦੇਰ ਸਾਮ ਬਠਿੰਡਾ ਦੇ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਨੂੰ ਤੋੜ ਕੇ ਹੋਰ ਪਾਰਟੀ ਨਹੀਂ ਬਣਾਉਣਗੇ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰ ਮੁੜ ਸੁਰਜੀਤ ਕਰਨਗੇ।
ਅਪਣੇ ਅੱਧੀ ਦਰਜਨ ਸਮਰਥਕ ਵਿਧਾਇਕਾਂ ਦੀ ਹਾਜ਼ਰੀ ਵਿਚ ਖਹਿਰਾ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਪਾਰਟੀ ਹਾਈ ਕਮਾਂਡ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਪੰਜਾਬ ਆਪ ਤੇ ਹਾਈ ਕਮਾਂਡ ਸਮਰਥਕ ਦੀ ਗਿਣਤੀ 95: 5 ਫ਼ੀ ਸਦੀ ਵਾਲੀ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਗੱਲ ਕਰਨ 'ਤੇ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਮੁੜ ਗੁਰਪ੍ਰੀਤ ਸਿੰਘ ਘੁੱਗੀ ਤੇ ਹੁਣ ਦਰਜਨਾਂ ਹੀ ਅਜਿਹੇ ਆਗੂਆਂ ਨੂੰ ਬੇਇਜ਼ਤ ਕਰਕੇ ਹਟਾ ਦਿਤਾ ਗਿਆ ਜਿਨ੍ਹਾਂ ਪਾਰਟੀ ਦੀ ਸੁਰਜੀਤੀ ਲਈ ਅਪਣਾ ਖ਼ੂਨ ਵਹਾਇਆ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਵਲੋਂ ਸੌਂਪੀ ਰੀਪੋਰਟ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਜਨਤਕ ਕਰਨ ਤੋਂ ਵੀ ਸਰਕਾਰ ਭੱਜ ਗਈ ਹੈ। ਉਨ੍ਹਾਂ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ, ਅਮਰਜੀਤ ਸਿੰਘ ਸੰਦੋਆ, ਪਿਰਮਿਲ ਸਿੰਘ, ਮਾਸਟਰ ਬਲਦੇਵ ਸਿੰਘ, ਬਠਿੰਡਾ ਤੋਂ ਚੋਣ ਲੜ ਚੁੱਕੇ ਦੀਪਕ ਬਾਂਸਲ ਵੀ ਮੌਜੂਦ ਸਨ।