
6 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ
ਬਠਿੰਡਾ : ਬਠਿੰਡਾ ਅਦਾਲਤ ਵਲੋਂ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 12 ਲੋਕਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਹ ਸੰਮਨ ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜ਼ੋਨ ਦਫ਼ਤਰ ਅਤੇ ਨਾਜਾਇਜ਼ ਇਮਾਰਤ ਬਣਾਉਣ ਦੇ ਮਾਮਲੇ ਸਬੰਧੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਨੂੰ 6 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਨਾਂ ਦੇ ਵਿਅਕਤੀਆਂ ਵਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।
Sonia Gandhi
ਜਾਣਕਾਰੀ ਮੁਤਾਬਕ ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ 1971 ਵਿਚ ਬਣੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਵੱਲੋਂ 1997 ਵਿਚ ਮਤਾ ਪਾ ਕੇ ਇਸ ਦੇ ਨਾਲ ਹੀ ਇਕ ਸਪੋਰਟਸ ਹਾਲ ਅਤੇ ਸਿਵਲ ਲਾਈਨ ਕਲੱਬ ਬਣਾਇਆ ਸੀ। ਸ਼ਿਕਾਇਤਕਰਤਾ ਨੇ ਦਸਿਆ ਕਿ ਹੁਣ ਕੁਝ ਕਾਂਗਰਸੀਆਂ ਨੇ ਬਿਲਡਿੰਗ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਹੁਣ ਉਹ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਬਿਲਡਿੰਗ ਨੂੰ ਬਾਹਰ ਕੀਤਾ ਜਾਵੇ। ਬਿਲਡਿੰਗ ਵਿਚ ਧਾਰਮਕ ਪੁਸਤਕਾਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਪਈਆਂ ਹਨ। ਇਸ 'ਚ ਸਾਰੇ ਕਲੱਬ ਦੇ ਮੈਂਬਰ ਜਾਂਦੇ ਹਨ ਅਤੇ ਇਹ ਕਿਤਾਬਾਂ ਪੜ੍ਹਦੇ ਹਨ। ਜਾਣਕਾਰੀ ਮੁਤਾਬਕ ਇਸ ਜਗ੍ਹਾ ਉੱਤੇ ਕਾਂਗਰਸ ਪਾਰਟੀ ਦੇ ਦਫ਼ਤਰ ਬਣਾਉਣ ਲਈ 2 ਸਤੰਬਰ ਨੂੰ ਨੀਂਹ ਪੱਥਰ ਰੱਖਿਆ ਜਾਣਾ ਸੀ।
Sunil Jakhar
ਇਸ ਸਭ ਦੇ ਚਲਦਿਆਂ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਵਲੋਂ ਕਾਂਗਰਸੀ ਦਫ਼ਤਰ ਦੇ ਨਿਰਮਾਣ ਨੂੰ ਰੋਕਣ ਲਈ ਅਦਾਲਤ 'ਚ ਇਕ ਅਰਜ਼ੀ ਦਾਖ਼ਲ ਕੀਤੀ ਗਈ ਸੀ।