
ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਮੂਨਕ ਵਿਖੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਡੀਜ਼ਲ, ਪਟਰੋਲ ਤੇ ਰਸੋਈ ਗੈਸ..........
ਸੰਗਰੂਰ : ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਮੂਨਕ ਵਿਖੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਡੀਜ਼ਲ, ਪਟਰੋਲ ਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਨੇ ਦੇਸ਼ ਵਾਸੀਆਂ ਦਾ ਕਚੂੰਮਰ ਕੱਢ ਕੇ ਰੱਖ ਦਿਤਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਸ. ਸਿੱਧੂ ਮੂਨਕ ਵਿਖੇ ਸਮਾਜ ਸੇਵੀ ਸ਼੍ਰੀ ਆਰ.ਕੇ ਗਰਗ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੀ ਤਾਂ ਉਦੋਂ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 150 ਡਾਲਰ/ਬੈਰਲ ਸੀ ਪਰ ਉਦੋਂ ਵੀ ਕਾਂਗਰਸ ਸਰਕਾਰ ਨੇ ਪੈਟਰੋਲ ਦੀ ਕੀਮਤ 80 ਰੁਪਏ ਤੋਂ ਉਪਰ ਨਹੀਂ ਜਾਣ ਦਿੱਤੀ ਸੀ ਜਦਕਿ ਜਦੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਸਮੇਂ 40 ਡਾਲਰ ਬੈਰਲ ਕੀਮਤ ਹੋਣ ਦੇ ਬਾਵਜੂਦ ਇਸ ਦਾ ਲਾਭ ਜਨਤਾ ਨੂੰ ਨਹੀਂ ਦਿੱਤਾ ਗਿਆ ਬਲਕਿ ਤੇਲ ਕੰਪਨੀਆਂ ਤੇ ਵੱਡੇ ਵੱਡੇ ਉਦਯੋਗਪਤੀਆਂ ਨੂੰ ਦਿੱਤਾ ਗਿਆ।
ਕੈਬਨਿਟ ਮੰਤਰੀ ਨੇ ਹੋਰ ਕਿਹਾ ਕਿ 1992 ਵਿੱਚ ਡੀਜ਼ਲ ਦੀ ਕੀਮਤ 6 ਰੁਪਏ ਲੀਟਰ ਸੀ ਅਤੇ ਉਦੋਂ ਝੋਨੇ ਦੀ ਕੀਮਤ 270 ਰੁਪਏ ਅਤੇ ਕਣਕ ਦੀ ਕੀਮਤ 330 ਰੁਪਏ ਪ੍ਰਤੀ ਕੁਇੰਟਲ ਸੀ ਜਦਕਿ ਅੱਜ ਡੀਜ਼ਲ ਦੀ ਕੀਮਤ ਲਗਭਗ 15 ਗੁਣਾਂ ਵਧ ਗਈ ਹੈ ਤੇ ਐਮ.ਐਸ.ਪੀ ਸਿਰਫ਼ 5 ਗੁਣਾਂ ਵਧੀ ਹੈ ਅਤੇ ਇਸ ਵਧਦੀ ਮਹਿੰਗਾਈ ਨੇ ਕਿਸਾਨ ਵਰਗ ਦਾ ਲੱਕ ਤੋੜ ਦਿੱਤਾ ਹੈ। ਸ. ਸਿੱਧੂ ਨੇ ਕਿਹਾ ਕਿ ਖੇਤੀ ਨਾਲ ਸਬੰਧਤ ਦਵਾਈਆਂ, ਖਾਦਾਂ ਆਦਿ ਉੱਤੇ ਜੀ.ਐਸ.ਟੀ ਲਗਾ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਰੱਜ ਕੇ ਵਿੱਤੀ ਸ਼ੋਸ਼ਣ ਕੀਤਾ ਹੈ।
ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਸਮੇਤ ਪੰਜਾਬ ਵਿੱਚ ਕਿਤੇ ਵੀ ਬਹਿਸ ਲਈ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਵਿੱਚ ਫੈਲੀ ਬੇਚੈਨੀ ਕਿਸੇ ਤੋਂ ਛੁਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਜਨਤਾ ਨੇ ਕਾਂਗਰਸ ਦੇ ਹੱਕ ਵਿੱਚ ਫੈਸਲੇ ਦਿੱਤੇ ਹਨ ਜਿਸ ਤੋਂ ਵਿਰੋਧੀਆਂ ਨੂੰ ਸਬਕ ਲੈਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ 'ਚ ਵਿਆਪਕ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਹਾਲ 'ਚ ਹੋਈਆਂ ਚੋਣਾਂ ਦੌਰਾਨ ਲੋਕਾਂ ਨੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਢਾਈ ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫੀ ਤੋਂ ਬਾਅਦ ਜਲਦੀ ਹੀ 5 ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇਗੀ।