
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਰਾਸ਼ਟਰੀ ਤੇ ਸੂਬਾ ਪੱਧਰ 'ਤੇ..................
ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਰਾਸ਼ਟਰੀ ਤੇ ਸੂਬਾ ਪੱਧਰ 'ਤੇ ਹੋ ਰਹੀ ਆਲੋਚਨਾ ਦੀ ਮੁਸੀਬਤ ਗਲੇ ਸਹੇੜ ਲਈ ਹੈ। ਭਾਵੇਂ ਕ੍ਰਿਕਟ ਖਿਡਾਰੀ ਤੋਂ ਸਿਆਸੀ ਨੇਤਾ ਬਣੇ, ਇਸ ਬੜਬੋਲੇ ਕਾਂਗਰਸੀ ਲੀਡਰ ਨੇ ਪਾਕਿਸਤਾਨ ਜਾਣ ਲਈ ਕੇਂਦਰ ਦੀ ਬੀ.ਜੇ.ਪੀ ਸਰਕਾਰ ਤੋਂ ਇਜਾਜ਼ਤ ਲੈ ਲਈ ਸੀ ਪਰ ਉਥੇ ਅਪਣੇ ਸਾਥੀ, ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਪਾਕਿਸਤਾਨ ਦੀ ਫ਼ੌਜ ਦੇ ਮੁਖੀ ਜਾਵੇਦ ਬਾਜਵਾ ਨਾਲ ਜੱਫੀ ਪਾਉਣਾ ਅਤੇ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਇਸ਼ਾਰਿਆਂ ਨਾਲ ਟਿੱਚਰ ਕਰਨਾ,
ਨਵਜੋਤ ਸਿੱਧੂ ਨੂੰ ਮਹਿੰਗਾ ਪੈ ਸਕਦਾ ਹੈ। ਬੀ.ਜੇ.ਪੀ ਦੇ ਕੇਂਦਰੀ ਆਗੂਆਂ ਅਤੇ ਪੰਜਾਬ ਦੇ ਨੇਤਾਵਾਂ ਨੇ ਸਿੱਧੂ ਦੀ ਆਲੋਚਨਾ ਇਸ ਕਰ ਕੇ ਵੀ ਕੀਤੀ ਹੈ ਕਿ ਉਸ ਨੇ ਮਹਰੂਮ ਨੇਤਾ ਅਟਲ ਬਿਹਾਰੀ ਵਾਜਪਾਈ ਦੇ ਅੰਤਮ ਸਸਕਾਰ ਨੂੰ ਛੱਡ ਕੇ ਗੁਆਂਢੀ ਦੁਸ਼ਮਣ ਦੇਸ਼ 'ਚ ਜਾਣ ਨੂੰ ਤਰਜੀਹ ਦਿਤੀ ਜਦਕਿ ਅਟਲ ਬਿਹਾਰੀ ਵਾਜਪਾਈ ਦੀ ਮਿਹਰ ਸਦਕਾ ਹੀ ਇਸ ਨੂੰ ਅੰਮ੍ਰਿਤਸਰ ਤੋਂ ਲੋਕ-ਸਭਾ ਸੀਟ ਵਾਸਤੇ ਪਾਰਟੀ ਟਿਕਟ ਦਿਤੀ ਗਈ ਸੀ। ਉਸ ਸੀਟ ਤੋਂ ਸਿੱਧੂ 3 ਵਾਰ ਲਗਾਤਾਰ ਐਮ.ਪੀ. ਰਹੇ। ਰਾਸ਼ਟਰੀ ਕਾਗਰਸੀ ਨੇਤਾ ਅਤੇ ਪੰਜਾਬ ਦੇ ਪਾਰਟੀ ਨੇਤਾ ਵੀ ਸਿੱਧੂ ਦੀ ਪਾਕਿਸਤਾਨ ਦੀ ਫੇਰੀ ਤੋਂ ਬਹੁਤੇ ਖ਼ੁਸ਼ ਨਹੀਂ ਹਨ।
ਅੱਜ ਸਿੱਧੂ ਦੀ ਅੰਮ੍ਰਿਤਸਰ, ਵਾਘਾ-ਅਟਾਰੀ ਸਰਹੱਦ ਰਾਹੀਂ ਵਾਪਸੀ ਮੌਕੇ ਉਸ ਨੂੰ ਦੇਸ਼ ਦਾ ਗਦਾਰ ਵੀ ਕਿਹਾ ਗਿਆ। ਇਥੇ ਮਿਊਜ਼ੀਅਮ-ਆਰਟ ਗੈਲਰੀ 'ਚ ਦ੍ਰਿਸ਼ਟੀ-2018 ਦੀ ਤਰਫੋਂ ਲਾਈ 3 ਦਿਨਾ ਫ਼ੋਟੋਗ੍ਰਾਫ਼ੀ ਨੁਮਾਇਸ਼ ਮੌਕੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨਾਲ ਸਿੱਧੂ ਦੀ ਜੱਫੀ ਨੂੰ ਚੰਗਾ ਨਹੀਂ ਸਮਝਿਆ ਅਤੇ ਸਪੱਸ਼ਟ ਕਿਹਾ ਕਿ, '' ਇਸ ਤੋਂ ਬਚਿਆ ਜਾ ਸਕਦਾ ਸੀ ਅਤੇ ਇਹ ਸਿੱਧੂ ਨੂੰ ਸ਼ੋਭਾ ਨਹੀਂ ਦਿੰਦਾ ਕਿ ਗੁਆਂਢੀ ਦੇਸ਼ ਦੇ ਫ਼ੌਜੀ ਨਾਲ ਜੱਫੀਆਂ ਪਾਵੇ ਜਿਸ ਨੇ ਭਾਰਤ ਦੇ ਕਈ ਫ਼ੌਜੀ ਮਰਵਾਏ ਹੋਣ।
'' ਮੁੱਖ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਸਿੱਧੂ ਵਲੋਂ ਇਹ ਕਹਿਣਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਇਸ਼ਾਰਾ ਫ਼ੌਜ ਮੁਖੀ, ਬਾਜਵਾ ਨੇ ਕੀਤਾ ਸੀ, ਬਾਰੇ, ਕੋਈ ਪੁਖਤਾ ਸਬੂਤ ਜਾਂ ਪੱਕੀ ਹਾਮੀ ਤਾਂ ਦੋਹਾਂ ਦੇਸ਼ਾਂ ਦੇ ਸਿਵਲ ਤੇ ਲੋਕ-ਤੰਤਰੀ ਨੇਤਾਵਾਂ ਵਲੋਂ ਹੀ ਦਿਤੀ ਜਾ ਸਕਦੀ ਹੈ।