
ਕਾਂਗਰਸ ਨੇ ਕੀਤਾ ਵੋਟਰ ਲਿਸਟ ਵਿਚ ਫ਼ਰਜ਼ੀਵਾੜਾ : ਆਪ
ਲੁਧਿਆਣਾ ਵਿਚ 24000 ਤੋਂ ਵੱਧ ਜਾਅਲੀ ਵੋਟਾਂ, ਇਕ ਵੋਟਰ ਦੇ ਕਈ ਥਾਵਾਂ 'ਤੇ ਨਾਂ : ਜਰਨੈਲ ਸਿੰਘ
ਚੰਡੀਗੜ੍ਹ, 1 ਫ਼ਰਵਰੀ(ਸ.ਸ.ਸ.): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ 'ਤੇ ਫਰਜੀ ਵੋਟਰ ਤਿਆਰ ਕਰਨ ਦਾ ਦੋਸ਼ ਲਗਾਇਆ ਹੈ | ਮੰਗਲਵਾਰ ਨੂੰ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਾਂਗਰਸ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸੂ 'ਤੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ 'ਚ 24000 ਤੋਂ ਵੱਧ ਜਾਅਲੀ ਵੋਟਰ ਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਬੌਖਲਾ ਗਈ ਹੈ | ਹਾਰ ਦੇ ਡਰੋਂ ਘਬਰਾਏ ਕਾਂਗਰਸੀ ਆਗੂ ਅਪਣੀ ਮਰਜ਼ੀ ਅਨੁਸਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਾਅਲੀ ਵੋਟਰਾਂ ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੌਰਾਨ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਅਤੇ ਲੁਧਿਆਣਾ ਪਛਮੀ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਵੀ ਮੌਜੂਦ ਸਨ | 'ਆਪ' ਆਗੂ ਨੇ ਚੋਣ ਕਮਿਸ਼ਨ ਤੋਂ ਲੁਧਿਆਣਾ ਪਛਮੀ ਅਤੇ ਹੋਰ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ਵਿਚ ਬੇਨਿਯਮੀਆਂ ਅਤੇ ਜਾਅਲੀ ਵੋਟਰਾਂ ਦੇ ਮੁੱਦੇ 'ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ |
ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨਿਰਪੱਖ ਚੋਣਾਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ | 'ਆਪ' ਆਗੂ ਨੇ ਕਿਹਾ ਕਿ ਲੁਧਿਆਣਾ ਪਛਮੀ ਤੋਂ ਸਾਡੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਜਾਅਲੀ ਵੋਟਰਾਂ ਦੀ ਸੂਚੀ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ | ਇਸ ਮਾਮਲੇ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਅਪਣੇ ਰਿਕਾਰਡ ਵਿਚੋਂ ਸਾਰੇ ਫਰਜੀ ਨਾਵਾਂ ਨੂੰ ਹਟਾ ਦਿਤਾ ਸੀ, ਪਰ ਫਿਰ ਵੀ ਇਲਾਕੇ ਵਿਚ 24 ਹਜ਼ਾਰ ਤੋਂ ਵੱਧ ਫਰਜੀ ਵੋਟਰਾਂ ਦੇ ਨਾਂ ਸਾਹਮਣੇ ਆਏ ਹਨ | ਜਰਨੈਲ ਸਿੰਘ ਨੇ ਇਸ ਸਾਰੀ ਘਟਨਾ ਲਈ ਕਾਂਗਰਸੀ ਮੰਤਰੀ ਅਤੇ ਲੁਧਿਆਣਾ ਪਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਮੰਤਰੀ ਆਸੂ ਨੇ ਅਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਅਤੇ ਸਰਕਾਰੀ ਤੰਤਰ 'ਤੇ ਦਬਾਅ ਪਾ ਕੇ ਵੋਟਰ ਸੂਚੀ ਵਿਚ ਵੱਡੀ ਗੜਬੜੀ ਕੀਤੀ ਹੈ | 'ਆਪ' ਆਗੂ ਨੇ ਕਿਹਾ ਕਿ ਮੰਤਰੀ ਆਸ਼ੂ ਨੂੰ ਅਪਣੀ ਹਾਰ ਦਾ ਡਰ ਸਤਾਉਣ ਲੱਗ ਪਿਆ ਹੈ, ਇਸ ਲਈ ਉਹ ਚੋਣਾਂ ਜਿੱਤਣ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਹਨ |
ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂ ਆਪਣੀਆਂ ਤਮਾਮ ਨਾਪਾਕ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕੇ | ਉਨ੍ਹਾਂ ਲੋਕਾਂ ਨੂੰ ਅਜਿਹੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਰਵਾਇਤੀ ਪਾਰਟੀਆਂ ਦੀਆਂ ਭਿ੍ਸਟ ਨੀਤੀਆਂ ਤੋਂ ਤੰਗ ਆ ਚੁੱਕੀ ਹੈ | ਇਸ ਲਈ ਲੋਕ 20 ਫ਼ਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਅਤੇ 'ਆਪ' ਦੀ ਸਰਕਾਰ ਬਣਾਉਣਗੇ |