
ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਾਰ ਭਾਜਪਾ ਸਮਰਥਕ ਦੀ ਹੈ ਤੇ ਅੰਮ੍ਰਿਤਪਾਲ ਭਾਜਪਾ ਦਾ ਏਜੰਟ ਹੈ ਜਦਕਿ ਕੁਝ ਨੇ ਉਸ ਨੂੰ ਆਈਐਸਆਈ ਦਾ ਏਜੰਟ ਦੱਸਿਆ ਹੈ।
ਅੰਮ੍ਰਿਤਸਰ : 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਵਿਰੋਧੀਆਂ ਨੇ ਅੰਮ੍ਰਿਤਪਾਲ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਾਰ ਭਾਜਪਾ ਸਮਰਥਕ ਦੀ ਹੈ ਤੇ ਅੰਮ੍ਰਿਤਪਾਲ ਭਾਜਪਾ ਦਾ ਏਜੰਟ ਹੈ ਜਦਕਿ ਕੁਝ ਨੇ ਉਸ ਨੂੰ ਆਈਐਸਆਈ ਦਾ ਏਜੰਟ ਦੱਸਿਆ ਹੈ। ਮੀਡੀਆ 'ਤੇ ਉਸ ਦੀ ਗੱਡੀ ਦੀ ਫੋਟੋ ਸ਼ੇਅਰ ਕਰ ਕੇ ਲੋਕਾਂ ਵੱਲੋਂ ਕਈ ਸਵਾਲ ਉਠਾਏ ਜਾ ਰਹੇ ਹਨ।
ਇਸ ਸਬੰਧੀ ਅੰਮ੍ਰਿਤਪਾਲ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਗੱਡੀ ਉਸ ਨੂੰ ਭੂਰਾ ਕੋਹਨਾ ਵਾਸੀ ਭਾਈ ਰਣਧੀਰ ਸਿੰਘ ਨੇ ਦਿੱਤੀ ਸੀ। ਉਹ ਖ਼ੁਦ ਅਮਰੀਕਾ ਰਹਿੰਦਾ ਹੈ ਤੇ ਆਪਣੀ ਜਾਇਜ਼ ਕਮਾਈ ਨਾਲ ਉਸ ਨੇ ਇਹ ਕਾਰ ਖਰੀਦੀ ਸੀ। ਉਸ ਕੋਲ ਇਸ ਦੀ ਐਨਓਸੀ ਵੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਰਣਧੀਰ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ 2002 ਤੋਂ ਅਮਰੀਕਾ ਰਹਿ ਰਿਹਾ ਹੈ ਪਰ ਉਸ ਦੇ ਪਿਤਾ ਸੁਲੱਖਣ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਰੀਬੀ ਰਹੇ ਹਨ।
Amritpal Singh
ਮੂਲਰੂਪ ਨਾਲ ਭਾਰਤ-ਪਾਕਿ ਸਰਹੱਦ ਦੇ ਨਾਲ ਕਸਬਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦੇ ਰਹਿਣ ਵਾਲੇ ਰਣਧੀਰ ਸਿੰਘ ਧੀਰਾ ਦੇ ਵੱਡਾ ਭਰਾ ਰਵੇਲ ਸਿੰਘ ਨੇ ਇਹ ਮਰਸਿਡੀਜ਼ ਕਾਰ ਹਰਿਆਣਾ ਦੇ ਇਕ ਵਪਾਰੀ ਤੋਂ ਖਰੀਦੀ ਸੀ। ਰਵੇਲ ਸਿੰਘ ਨੇ ਰਣਧੀਰ ਸਿੰਘ ਦੇ ਕਹਿਣ 'ਤੇ ਇਹ ਕਾਰ ਅੰਮ੍ਰਿਤਪਾਲ ਨੂੰ ਭੇਟ ਕੀਤੀ ਸੀ।
ਅੰਮ੍ਰਿਤਪਾਲ ਨੇ ਕਿਹਾ ਕਿ ਦੇਖੀ ਜਾਓ ਅਜੇ ਬਹੁਤ ਕੁੱਝ ਕਰਨਾ ਹੈ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਅਜਿਹੀ ਕਾਰ ਲੈ ਕੇ ਕਿਉਂ ਘੁੰਮਦਾ? ਉਸ ਨੇ ਪਾਕਿਸਤਾਨ ਤੋਂ ਫੰਡ ਲੈਣ ਦੇ ਆਪਣੇ ਸੰਗਠਨ 'ਤੇ ਲਗਾਏ ਦੋਸ਼ਾਂ ਦਾ ਵੀ ਜਵਾਬ ਦਿੱਤਾ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਪਹਿਲਾਂ ਹੀ ਖ਼ਰਾਬ ਹਨ ਤੇ ਇਸ ਵੇਲੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਬਾਰੇ ਹਰ ਕੋਈ ਜਾਣੂ ਹੈ।