
ਅਕਾਲ ਤਖ਼ਤ ਸਾਹਿਬ ’ਤੇ 4 ਜੁਲਾਈ 1955 ਦੇ ਹਮਲੇ ਸਬੰਧੀ ਅਰਦਾਸ ਹੋਵੇਗੀ : ਪੰਥਕ ਆਗੂ
ਅੰਮਿ੍ਰਤਸਰ, 1 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਦੀ ਆਜ਼ਾਦੀ ਤੋਂ 8 ਸਾਲ ਬਾਅਦ ਹੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਯਾਦ ਸਿੱਖ ਜਥੇਬੰਦੀਆਂ ਵਲੋਂ ਮਨਾਈ ਜਾਵੇਗੀ। 4 ਜੁਲਾਈ 2021 ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਸਾਹਿਬ ਤਕ ਮਾਰਚ ਕਰਨ ਉਪਰੰਤ ਅਰਦਾਸ ਕੀਤੀ ਜਾਵੇਗੀ ਤਾਕਿ ਸਿੱਖਾਂ ਦੀ ਸਮੂਹਕ ਯਾਦ ਅੰਦਰ ਇਹ ਗੱਲ ਤਾਜ਼ਾ ਕੀਤੀ ਜਾਵੇ।
ਪੰਥਕ ਆਗੂਆਂ ਭਾਈ ਨੋਬਲਜੀਤ ਸਿੰਘ ਬੁੱਲੋਵਾਲ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਹਰਜਿੰਦਰ ਸਿੰਘ ਨੀਲੀਆਂ ਫ਼ੌਜਾਂ ਨੇ ਕਿਹਾ ਕਿ ਭਾਰਤੀ ਰਾਜ ਨੇ 1984 ਤੋਂ ਲੈ ਕੇ ਹੁਣ ਤਕ ਸਿੱਖ ਦੇਹ ਅਤੇ ਰੂਹ ਨੂੰ ਕਈ ਜ਼ਖ਼ਮ ਦਿਤੇ ਹਨ। 1984 ਵਿਚ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਗਿਆ ਜਿਸ ਵਿਚ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ ਢਹਿ-ਢੇਰੀ ਕੀਤਾ ਗਿਆ ਅਤੇ ਅਨੇਕਾਂ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ ਗਿਆ। ਪਰ ਭਾਰਤੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਇਹ ਪਹਿਲਾ ਹਮਲਾ ਨਹੀਂ ਸੀ, ਇਸ ਤੋਂ ਪਹਿਲਾਂ 4 ਜੁਲਾਈ 1955 ਨੂੰ ਪੰਜਾਬ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਪਹਿਲਾ ਹਮਲਾ ਕੀਤਾ ਗਿਆ ਸੀ। ਸਿੱਖ ਸਮਾਜ ਦਾ ਵੱਡਾ ਹਿੱਸਾ ਭਾਵੇਂ ਅਣਜਾਣ ਹੈ ਪਰ ਇਹ ਹਮਲਾ ਵੀ ਘੱਟ ਕਹਿਰਵਾਨ ਨਹੀਂ ਸੀ। ਇਸ ਹਮਲੇ ਵਿਚ ਨਿਹੱਥੇ ਸਿੱਖ ਸ਼ਰਧਾਲੂਆਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਸ੍ਰੀ ਦਰਬਾਰ ਸਾਹਿਬ ਵਲ ਤਾਬੜ-ਤੋੜ ਸੁੱਟੇ ਗਏ। ਇਸ ਹਮਲੇ ਵਿਚ ਕਈ ਸ਼ਰਧਾਲੂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋਏ। ਇਸ ਹਮਲੇ ਨੇ ਭਾਰਤੀ ਹਕੂਮਤ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ ਕਿ ਇਥੇ ਜਮਹੂਰੀਅਤ ਨਾਂਅ ਦੀ ਸ਼ਹਿ ਕੋਈ ਹੋਂਦ ਨਹੀਂ ਰੱਖਦੀ।