
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਦੇ ਲੋਕਾਂ ਨੇ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ।
ਬਰਨਾਲਾ (ਗਰੇਵਾਲ): ਅੱਜ ਜਿੱਥੇ ਜਾਤ ਪਾਤ ਨੂੰ ਲੈ ਕੇ ਹਰ ਰੋਜ਼ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿਚ ਸੰਪਰਦਾਇਕ ਦੰਗੇ ਹੋਣ ਦੀਆਂ ਮੰਦਭਾਗੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ। ਉਥੇ ਹੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਦੇ ਲੋਕਾਂ ਨੇ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਇਥੋਂ ਦੇ ਹਿੰਦੂ ਅਤੇ ਸਿੱਖਾਂ ਨੇ ਮਿਲ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇਕ ਮਸਜਿਦ ਦਾ ਨਿਰਮਾਣ ਕਰਵਾਇਆ ਹੈ। ਖ਼ਾਸ ਗੱਲ ਇਹ ਹੈ ਕਿ ਮਸਜਿਦ ਲਈ ਜ਼ਮੀਨ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਦਿਤੀ ਗਈ ਹੈ।
Mosque
ਪਿੰਡ ਵਿਚ ਭਾਵੇਂ ਗੁਰਦੁਆਰਾ ਸਾਹਿਬ, ਮੰਦਰ ਸਾਰੇ ਇਕੱਠੇ ਬਣੇ ਹੋਏ ਹਨ, ਜੋ ਕਿ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੇ ਹਨ। ਹੁਣ ਜਦੋਂ ਪਿੰਡ ਵਾਸੀਆਂ ਨੇ ਮਿਲ ਕੇ ਮੁਸਲਿਮ ਭਾਈਚਾਰੇ ਲਈ ਮਸਜਿਦ ਦਾ ਨਿਰਮਾਣ ਕਰਵਾਇਆ ਹੈ ਤਾਂ ਪਿੰਡ ਵਾਸੀਆਂ ਦੇ ਇਸ ਕੰਮ ਦੀ ਵਿਦੇਸ਼ਾਂ ਵਿਚ ਵੀ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੀ ਮੰਦਰ ਕਮੇਟੀ ਦੇ ਪ੍ਰਧਾਨ ਪੁਰਸ਼ੋਤਮ ਲਾਲ ਅਤੇ ਭਾਰਤ ਸ਼ਰਮਾ ਨੇ ਦਸਿਆ ਕਿ ਮਸਜਿਦ ਦੇ ਨਿਰਮਾਣ ਲਈ ਜਗ੍ਹਾ ਮੰਦਰ ਕਮੇਟੀ ਵਲੋਂ ਦਿਤੀ ਗਈ ਸੀ ਜਦਕਿ ਇਸ ਦੇ ਨਿਰਮਾਣ ਵਿਚ ਸਾਰੇ ਲੋਕਾਂ ਨੇ ਪੈਸੇ ਇਕੱਠੇ ਕਰ ਕੇ ਕੀਤਾ ਹੈ।
Village Moom Barnala
ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਮਸਜਿਦ ਦੇ ਮੌਲਵੀ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਧਨਵਾਦ ਕਰਦਿਆਂ ਆਖਿਆ ਕਿ ਪਹਿਲਾਂ ਉਨ੍ਹਾਂ ਨੂੰ ਨਮਾਜ਼ ਅਦਾ ਕਰਨ ਵਾਸਤੇ ਹੋਰ ਕਸਬਿਆਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਉਹ ਪਿੰਡ ਵਿਚ ਹੀ ਬਣੀ ਮਸਜਿਦ ਵਿਚ ਨਮਾਜ਼ ਪੜ੍ਹਦੇ ਹਨ। ਇਸ ਮੌਕੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕਈ ਮੁਸਲਿਮ ਪਰਵਾਰ ਰਹਿ ਰਹੇ ਹਨ ਪਰ ਉਨ੍ਹਾਂ ਨੂੰ ਨਮਾਜ਼ ਪੜ੍ਹਨ ਜਾਂ ਈਦ ਦੇ ਮੌਕੇ 'ਤੇ ਹੋਰ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ, ਜਿਸ ਤੋਂ ਬਾਅਦ ਪੂਰੇ ਪਿੰਡ ਵਾਸੀਆਂ ਨੇ ਮਿਲ ਕੇ ਮੁਸਲਿਮ ਭਾਈਚਾਰੇ ਲਈ ਮਸਜਿਦ ਦਾ ਨਿਰਮਾਣ ਕਰਵਾਇਆ।
Mosque at barnala village
ਉਨ੍ਹਾਂ ਆਖਿਆ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੇਖ ਕੇ ਉਨ੍ਹਾਂ ਨੂੰ ਤਸੱਲੀ ਮਿਲੀ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਦੇ ਲੋਕਾਂ ਨੇ ਵਾਕਈ ਇਹ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਪਿੰਡ ਦੇ ਲੋਕਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਦੇਸ਼ ਵਿਚ ਕਿਸੇ ਤਰ੍ਹਾਂ ਦੀ ਫ਼ਿਕਰਾਪ੍ਰਸਤੀ ਪੈਦਾ ਹੀ ਨਾ ਹੋ ਸਕੇ। ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।