ਸੋਮਵਾਰ ਸਵੇਰੇ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੀੜਤਾਂ ਦਾ ਹਾਲ-ਚਾਲ ਜਾਣਨ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ
ਮੋਗਾ: ਸ਼ਨੀਵਾਰ ਨੂੰ ਕੋਟ ਈਸੇ ਖਾਂ ਦੇ ਲਾਗਲੇ ਪਿੰਡ ਮਸਤੇਵਾਲ ਵਿਚ ਨੌਜਵਾਨ ਦੀ ਦਰਦਨਾਕ ਮੌਤ ਹੋ ਹੋਣ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸੋਮਵਾਰ ਨੂੰ ਸਵੇਰ ਤੋਂ ਸਿਵਲ ਹਸਪਤਾਲ ਮੋਗਾ ਵਿਚ ਧਰਨਾ ਲਗਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਵਾਂ ਵੱਲੋਂ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਧਰਨਾ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਦੇ ਰੋਸ ਵਜੋਂ ਇਕ ਐਨਜੀਓ ਦੇ ਸਹਿਯੋਗ ਨਾਲ ਲਗਾਇਆ। ਸੋਮਵਾਰ ਸਵੇਰੇ ਜਦੋਂ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੀੜਤਾਂ ਦਾ ਹਾਲ-ਚਾਲ ਜਾਣਨ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਧਰਨਾਕਾਰੀਆਂ ਨੇ ਉਲਟਾ ਵਿਧਾਇਕ ਦੀ ਗੱਡੀ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਹ ਵਿਧਾਇਕ ਦੇ ਮਗਰ ਪੈ ਗਏ।
ਇਸ ਦੌਰਾਨ ਵਿਧਾਇਕ ਨੇ ਹਸਪਤਾਲ ਦੇ ਪਿੱਛੇ ਭੱਜ ਕੇ ਅਪਣੀ ਜਾਨ ਬਚਾਈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਪਿੰਡ ਮਸਤੋਵਾਲ ਵਿਖੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿਸ ਵਿਚ ਚੱਲ ਰਹੇ ਡੀ.ਜੇ.ਦੇ ਨਾਲ ਕੁੱਝ ਨੌਜਵਾਨ ਭੰਗੜਾ ਪਾ ਰਹੇ ਸਨ ਅਤੇ ਹਵਾਈ ਫ਼ਾਇਰ ਕਰਨ ਦਾ ਲੁਤਫ਼ ਲੈ ਰਹੇ ਸਨ। ਇਸੇ ਦਰਮਿਆਨ ਉਨ੍ਹਾਂ ਦਾ ਝਗੜਾ ਡੀ.ਜੇ. ਵਾਲਿਆਂ ਨਾਲ ਕਿਸੇ ਗੱਲੋਂ ਹੋ ਗਿਆ।
ਇਸ ਸੰਬੰਧੀ ਸਥਾਨਕ ਸ਼ਹਿਰ ਦੇ ਐਸ.ਐਚ.ਓ. ਅਮਰਜੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਦਸਿਆ ਕਿ ਭੰਗੜਾ ਪਾਉਣ ਵਾਲਿਆਂ ਦਾ ਝਗੜਾ ਡੀ.ਜੇ. ਵਾਲਿਆਂ ਨੇ ਇਸ ਕਰਕੇ ਹੋਇਆ ਕਿ ਉਹ 10 ਵਜੇ ਤੋਂ ਬਾਅਦ ਡੀ.ਜੇ.ਲਾਉਣ ਤੋਂ ਇਨਕਾਰ ਕਰ ਰਹੇ ਸਨ ਅਤੇ ਇਸੇ ਦੌਰਾਨ ਇਕ ਸਖ਼ਸ਼ ਵਲੋਂ ਚਲਾਈ ਗੋਲੀ ਜਾ ਕੇ ਕਰਨ ਸਿੰਘ (15) (ਗੋਰਾ) ਜੋ ਕਿ ਕੋਟ ਈਸੇ ਖਾਂ ਦੀ ਚੀਮਾ ਰੋਡ ਦਾ ਵਸਨੀਕ ਸੀ ਦੇ ਜਾ ਲੱਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।