
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਤੂਰ ਵਲੋਂ ਲਿਖੀ........
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਤੂਰ ਵਲੋਂ ਲਿਖੀ 'ਅੱਲੜ੍ਹ ਉਮਰਾਂ ਤਲਖ਼ ਸੁਨੇਹੇ' ਨਾਂ ਦੀ ਪੰਜਾਬੀ ਕਿਤਾਬ ਰਲੀਜ਼ ਕੀਤੀ। ਇਹ ਕਿਤਾਬ ਉਨ੍ਹਾਂ ਦੇ ਨਸ਼ਿਆਂ ਵਿਚ ਲਿਪਤ ਲੋਕਾਂ ਨਾਲ ਤਜਰਬਿਆਂ ਦੇ ਆਧਾਰਤ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਹ ਕਿਤਾਬ ਤੂਰ ਦੇ ਪੁਲਿਸ ਵਿਭਾਗ ਵਿਚ ਵੱਖ-ਵੱਖ ਥਾਵਾਂ 'ਤੇ ਤਾਇਨਾਤੀਆਂ ਮੌਕੇ ਨਿੱਜੀ ਤਜਰਬਿਆਂ ਅਤੇ ਨਸ਼ਿਆਂ ਦੇ ਮਾਮਲੇ ਵਿਚ ਸ਼ਾਮਲ ਨੌਜਵਾਨਾਂ ਨਾਲ ਪਰਸਪਰ ਪ੍ਰਭਾਵ 'ਤੇ ਆਧਾਰਤ ਹੈ।
ਇਸ ਵੇਲੇ ਲੁਧਿਆਣਾ ਵਿਖੇ ਏ.ਆਈ.ਜੀ. (ਕਾਉਂਟਰ ਇੰਟੈਲੀਜੈਂਸ) ਵਜੋਂ ਤਾਇਨਾਤ ਤੂਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਅਪਣੀ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿਤੀ। ਸੀਨੀਅਰ ਪੁਲਿਸ ਅਧਿਕਾਰੀ ਦੀ ਇਸ ਵਿਲੱਖਣ ਪਹਿਲਕਦਮੀ ਦੀ ਸਰਾਹਣਾ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਿਤਾਬ ਨਸ਼ਿਆਂ ਵਿਚ ਫਸੇ ਨੌਜਵਾਨਾਂ ਨੂੰ ਮੁੜ ਆਤਮ-ਸਨਮਾਨ ਵਾਲਾ ਜੀਵਨ ਜਿਉਣ ਲਈ ਪ੍ਰੇਰਿਤ ਕਰੇਗੀ।
ਲੇਖਕ ਨੇ ਸਮਾਗਮ ਤੋਂ ਬਾਅਦ 'ਸਪੋਕਸਮੈਨ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਸਿਆ ਕਿ ਇਸ ਪੁਸਤਕ ਵਿਚ ਜੇਲਾਂ ਅਤੇ ਨਸ਼ਾ ਛੁਡਾਊ ਕੇਂਦਰੀ 'ਚ ਬੰਦ ਨੌਜਵਾਨਾਂ ਦੇ ਅੰਗ-ਸੰਗ ਹੋ ਕੇ ਉਨ੍ਹਾਂ ਨਾਲ ਸੰਵਾਦ ਰਚਾਇਆ ਗਿਆ ਹੈ। ਇਸ ਪੁਸਤਕ ਦੀ ਖ਼ਾਸੀਅਤ ਇਹ ਹੈ ਕਿ ਲੇਖਕ ਨੇ ਜਿਥੇ ਸ਼ਹਿਰੀ ਨੌਜਵਾਨਾਂ ਦੀ ਸਮੱਸਿਆ ਨੂੰ ਨੇੜੇ ਹੋ ਕੇ ਤਕਿਆ ਹੈ, ਉਥੇ ਨੌਜਵਾਨਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਣ ਦਾ ਹੱਲ ਵੀ ਦਸਿਆ ਹੈ। ਪੁਸਤਕ ਵੀ ਨਸ਼ਈਆਂ ਦੇ ਮਰਨ ਦਾ ਵੱਡਾ ਕਾਰਨ ਓਵਰਡੋਜ਼ ਦੱਸ ਦਿਤਾ ਸੀ, ਜਿਹੜਾ ਕਿ ਹੁਣ ਸਾਹਮਣੇ ਆਉਣ ਲੱਗਾ ਹੈ।
ਲੇਖਕ ਮੁਤਾਬਕ ਬੇਰੁਜ਼ਗਾਰੀ, ਕਿਰਤ ਤੋਂ ਟੁੱਟਣਾ, ਕਿਤਾਬਾਂ ਤੋਂ ਦੂਰੀ, ਵਿਰਸਾ ਅਤੇ ਬਜ਼ੁਰਗਾਂ ਪ੍ਰਤੀ ਬਦਲਿਆ ਵਤੀਰਾ ਇਸ ਦੇ ਮੁੱਖ ਕਾਰਨ ਬਣ ਰਹੇ ਹਨ। ਲੇਖਕ ਦਾ ਦਾਅਵਾ ਹੈ ਕਿ 'ਅੱਲੜ੍ਹ ਉਮਰਾਂ ਤਲਖ਼ ਸੁਨੇਹੇ' ਪੁਸਤਕ ਨੂੰ ਗੌਰ ਨਾਲ ਪੜ੍ਹਨਾ ਸੰਕਟ ਮੋਚਨ ਦਾ ਕੰਮ ਕਰੇਗੀ, ਜਿਸ ਦਾ ਪੰਜਾਬੀਆਂ ਨੂੰ ਲਾਭ ਉਠਾਉਣਾਚਾ ਚਾਹੀਦਾ ਹੈ। ਸ੍ਰੀ ਗੁਰਪ੍ਰੀਤ ਸਿੰਘ ਤੂਰ ਇਸ ਵੇਲੇ ਲੁਧਿਆਣਾ ਜ਼ਿਲ੍ਹੇ 'ਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਵਜੋਂ ਤਾਇਨਾਤ ਹਨ ਅਤੇ ਅਖ਼ਬਾਰਾਂ 'ਚ ਸਮਾਜ ਸੁਧਾਰ ਸਬੰਧੀ ਉਨ੍ਹਾਂ ਦੇ ਸੈਂਕੜੇ ਲੇਖ ਛੱਪ ਚੁਕੇ ਹਨ।