
ਤੱਥਹੀਣ ਰੀਪੋਰਟ ਪੇਸ਼ ਕਰ ਕੇ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ : ਧਰਮਸੋਤ
ਪਾਈ ਪਾਈ ਦਾ ਹਿਸਾਬ ਵਿਭਾਗ ਕੋਲ ਵੀ ਤੇ ਬੈਂਕਾਂ ਕੋਲ ਵੀ
ਚੰਡੀਗੜ੍ਹ/ਖੰਨਾ, 2 ਸਤੰਬਰ (ਅਦਰਸ਼ਜੀਤ ਖੰਨਾ) : ਪਿਛਲੇ ਕੁੱਝ ਦਿਨਾਂ ਤੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਦੇ ਸਮਾਜਿਕ ਨਿਆਂ ਤੇ ਸਮਾਜਕ ਅਧਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਬੇਬਾਕੀ ਨਾਲ ਅਪਣਾ ਪੱਖ ਰਖਦਿਆਂ ਏਸੀਐਸ ਕ੍ਰਿਪਾ ਸ਼ੰਕਰ ਸਰੋਜ ਦੀ ਰੀਪੋਰਟ ਨੂੰ ਤੱਥਹੀਣ ਦਸਦਿਆਂ ਅਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਸ. ਧਰਮਸੋਤ ਨੇ ਕਿਹਾ ਕਿ ਏਸੀਐਸ ਵਲੋਂ ਬਿਨਾਂ ਕਿਸੇ ਹਵਾਲੇ ਦੇ ਇਕ ਰੀਪੋਰਟ ਤਿਆਰ ਕਰ ਕੇ ਮੀਡੀਆ ਅਤੇ ਵਿਰੋਧੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਵਿਧਾਨ ਸਭਾ ਦੇ ਸੈਸ਼ਨ ਤੋਂ ਬਿਲਕੁਲ ਇਕ ਦਿਨ ਪਹਿਲਾਂ ਲੀਕ ਕਰਨਾ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਸ਼ ਨੂੰ ਦਰਸਾਉਂਦਾ ਹੈ। ਮੰਤਰੀ ਧਰਮਸੋਤ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਇਸ ਰੀਪੋਰਟ ਸੰਬੰਧੀ ਏਸੀਐਸ ਵਲੋਂ ਉਨ੍ਹਾਂ ਨੂੰ ਇਕ ਵਾਰ ਵੀ ਦਸਿਆ ਜਾਂ ਪੁਛਿਆ ਨਹੀਂ ਗਿਆ। ਇਸ ਤੋਂ ਪਹਿਲਾਂ ਵੀ ਤਿੰਨ ਵਾਰ ਫ਼ੰਡਾਂ ਵਿਚ ਬੇਨਿਯਮੀਆਂ ਸਬੰਧੀ ਛਪੀਆਂ ਖ਼ਬਰਾਂ ਬਾਰੇ ਏਸੀਐਸ ਕੋਲੋਂ ਵਾਰ-ਵਾਰ ਪੁੱਛੇ ਜਾਣ 'ਤੇ ਵੀ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ। ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਏਸੀਐਸ ਵਲੋਂ ਅਪਣੀ ਮਰਜ਼ੀ ਨਾਲ ਵਿਭਾਗ ਦੇ ਉਸ ਡਿਪਟੀ ਡਾਇਰੈਕਟਰ ਰਾਹੀਂ ਝੂਠੀ ਤੇ ਤੱਥਹੀਣ ਰੀਪੋਰਟ ਤਿਆਰ ਕਰਵਾਈ ਗਈ ਹੈ ਜਿਸ ਨੂੰ ਮੇਰੇ ਵਲੋਂ 2 ਵਾਰ ਡਿਸਮਿਸ ਤੇ ਸਟੈਂਪਡਾਊਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰੀਪੋਰਟ ਵਿਚ 39 ਕਰੋੜ ਰੁਪਏ ਦੇ ਰਿਕਾਰਡ ਦੇ ਖ਼ੁਰਦ ਬੁਰਦ ਹੋਣ ਦੀ ਗੱਲ ਆਖੀ ਗਈ ਹੈ ਜਦੋਂ ਕਿ ਵਿਭਾਗ ਕੋਲ ਪਾਈ-ਪਾਈ ਦਾ ਹਿਸਾਬ ਹੈ। ਉਨ੍ਹਾਂ ਠੇਠ ਪੰਜਾਬੀ ਬੋਲਦਿਆਂ ਕਿਹਾ ਕਿ 'ਇimageਹ ਕਿਹੜਾ ਤੂੜੀ ਦੀ ਪੰਡ ਹੈ ਜੋ ਕੋਈ ਚੁੱਕ ਕੇ ਲੈ ਗਿਆ' ਇਸ ਦਾ ਬੈਂਕਾਂ ਵਿਚ ਵੀ ਪੈਸੇ-ਪੈਸੇ ਦਾ ਰਿਕਾਰਡ ਬੋਲਦਾ ਹੈ।