
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ 22 ਮੈਂਬਰੀ ਸਟੇਟ ਕੋਰ ਕਮੇਟੀ ਦਾ ਐਲਾਨ ਕੀਤਾ ਹੈ, ਜੋ ਪਾਰਟੀ ਅਤੇ ਪੰਜਾਬ ਨਾਲ ਸੰਬੰਧਿਤ ਸਾਰੇ ਫ਼ੈਸਲੇ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ 22 ਮੈਂਬਰੀ ਸਟੇਟ ਕੋਰ ਕਮੇਟੀ ਦਾ ਐਲਾਨ ਕੀਤਾ ਹੈ, ਜੋ ਪਾਰਟੀ ਅਤੇ ਪੰਜਾਬ ਨਾਲ ਸੰਬੰਧਿਤ ਸਾਰੇ ਫ਼ੈਸਲੇ ਖ਼ੁਦ ਲੈਣ ਦੇ ਸਮਰੱਥ ਹੋਵੇਗੀ। ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਇਸ ਕਮੇਟੀ ਦੇ ਚੇਅਰਮੈਨ ਹੋਣਗੇ।
ਅੱਜ ਇੱਥੇ ਪ੍ਰੈੱਸ ਕਲੱਬ 'ਚ ਇਹ ਐਲਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਯੁਕਤ ਰੂਪ 'ਚ ਕੀਤਾ। ਇਸ ਮੌਕੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜ਼ੋਨ ਪ੍ਰਧਾਨ (ਮਾਲਵਾ-3) ਦਲਬੀਰ ਸਿੰਘ ਢਿੱਲੋਂ, ਸੂਬਾ ਜਨਰਲ ਸਕੱਤਰ ਜਮੀਲ ਉਰ ਰਹਿਮਾਨ, ਸੂਬਾ ਖ਼ਜ਼ਾਨਚੀ ਸੁਖਵਿੰਦਰ ਸਿੰਘ ਸੁੱਖੀ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਮੌਜੂਦ ਸਨ।
22 ਮੈਂਬਰੀ 'ਆਪ' ਪੰਜਾਬ ਸਟੇਟ ਕੋਰ ਕਮੇਟੀ 'ਚ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਐਚ.ਐਸ. ਫੂਲਕਾ, ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ (ਚੇਅਰਮੈਨ), ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਅਮਰਜੀਤ ਸਿੰਘ ਸੰਦੋਆ ਅਤੇ ਰੁਪਿੰਦਰ ਕੌਰ ਰੂਬੀ ਸ਼ਾਮਲ ਹਨ।
ਸੰਗਠਨਾਤਮਕ ਢਾਂਚੇ ਵਿਚੋਂ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ.ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ ਅਤੇ ਗੁਰਦਿੱਤ ਸਿੰਘ ਸੇਖੋਂ ਅਤੇ ਸੂਬਾ ਜਨਰਲ ਸਕੱਤਰ ਜਮੀਲਉਰ ਰਹਿਮਾਨ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਦੇ ਨਾਂ ਸ਼ਾਮਲ ਹਨ।
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਮੇਟੀ ਬਲਾਕ ਪੱਧਰ ਦੀਆਂ ਨਿਯੁਕਤੀਆਂ ਤੋਂ ਲੈ ਕੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਚੁਣਨ ਅਤੇ ਟਿਕਟ ਦੇਣ ਦੇ ਫ਼ੈਸਲੇ ਆਪਸੀ ਸਹਿਮਤੀ ਜਾਂ ਬਹੁਸੰਮਤੀ ਨਾਲ ਖ਼ੁਦ ਲਵੇਗੀ। ਪਾਰਟੀ ਦੀਆਂ ਗਤੀਵਿਧੀਆਂ , ਜਨਹਿਤ ਸੰਘਰਸ਼ ਅਤੇ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਣ ਲਈ ਇਹ ਕਮੇਟੀ ਖ਼ੁਦ ਸਾਰੇ ਫ਼ੈਸਲੇ ਕਰੇਗੀ।
ਇੱਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ, ਦੂਸਰੀਆਂ ਰਾਸ਼ਟਰੀ ਪਾਰਟੀਆਂ ਵਾਂਗ ਇਸ ਦਾ ਮੁੱਖ ਦਫ਼ਤਰ ਵੀ ਦਿੱਲੀ ਵਿਚ ਹੈ। ਪਾਰਟੀ ਹਾਈਕਮਾਨ ਦੀ ਭੂਮਿਕਾ ਕਮੇਟੀ ਵੱਲੋਂ ਚੁਣੇ ਗਏ ਉਮੀਦਵਾਰਾਂ ਲਈ ਚੋਣ ਨਿਸ਼ਾਨ ਅਲਾਟ ਕਰਨ ਤੱਕ ਦਾ ਰਹੇਗਾ। ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਇੱਥੋਂ ਤੱਕ ਕਿ 'ਆਪ' ਪੰਜਾਬ ਦਾ ਆਪਣਾ ਵੱਖਰਾ ਖਾਤਾ ਖੋਲ੍ਹ ਦਿੱਤਾ ਗਿਆ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕੋਰ ਕਮੇਟੀ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਅੰਦਰੂਨੀ ਵਿਚਾਰਾਂ ਦੇ ਮਤਭੇਦਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹੇਗੀ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਂਜ ਤਾਂ ਵਿਧਾਇਕ ਐਚ.ਐਸ.ਫੂਲਕਾ , ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ ਅਤੇ ਰੁਪਿੰਦਰ ਕੌਰ ਰੂਬੀ ਸਮੇਤ ਹੋਰ ਵਿਧਾਇਕ ਅਤੇ ਸੀਨੀਅਰ ਅਹੁਦੇਦਾਰ ਪਾਰਟੀ ਦੇ ਨਾਰਾਜ਼ ਸਾਥੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ, ਪਰੰਤੂ ਫਿਰ ਵੀ ਜ਼ਰੂਰਤ ਪਈ ਤਾਂ ਇੱਕ ਸਬ-ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਨਾਲ ਚੱਲ ਰਹੀਆਂ ਪਹਿਲੇ ਦੌਰ ਦੀ ਗੱਲਬਾਤ ਨੂੰ ਅੱਗੇ ਵਧਾਏਗੀ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹੇ ਜਾਣ ਦੇ ਵਿਰੋਧ 'ਚ ਰਾਜਪਾਲ ਪੰਜਾਬ ਨੂੰ ਮਿਲੇਗੀ। ਉਸ ਤੋਂ ਪਹਿਲਾਂ ਕੱਲ੍ਹ 4 ਅਕਤੂਬਰ ਨੂੰ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸੀਆਂ ਦੀਆਂ ਧੱਕੇਸ਼ਾਹੀਆਂ, ਪੁਲਸ ਅਫ਼ਸਰਾਂ ਵੱਲੋਂ ਔਰਤਾਂ ਦੇ ਸ਼ੋਸ਼ਣ ਅਤੇ ਅੱਤਿਆਚਾਰ ਵਰਗੇ ਗੰਭੀਰ ਮੁੱਦਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਲਈ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰੇਗੀ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਹ ਕਮੇਟੀ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਹਿਤਾਂ ਲਈ ਦਿਨ ਰਾਤ ਕੰਮ ਕਰਕੇ ਵਿਰੋਧੀ ਧਿਰ ਦੀ ਜ਼ਿੰਮੇਵਾਰ ਭੂਮਿਕਾ ਨਿਭਾਉਣ 'ਚ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਸਾਰੇ ਵਿਧਾਇਕਾਂ, ਪਾਰਟੀ ਅਹੁਦੇਦਾਰਾਂ, ਕਮੇਟੀ ਮੈਂਬਰਾਂ ਖ਼ਾਸ ਕਰਕੇ ਭਗਵੰਤ ਮਾਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਕਮੇਟੀ ਮੈਂਬਰਾਂ ਨੇ ਕਮੇਟੀ ਦੇ ਚੇਅਰਮੈਨ ਲਈ ਭਗਵੰਤ ਮਾਨ ਨੂੰ ਚੁਣਿਆ ਸੀ ਪਰੰਤੂ ਭਗਵੰਤ ਮਾਨ ਪ੍ਰਿੰਸੀਪਲ ਬੁੱਧ ਰਾਮ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੀ ਬੇਨਤੀ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਮੰਨ ਲਿਆ ਗਿਆ।
ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ਬਾਦਲ ਤੇ ਕੈਪਟਨ 7 ਅਕਤੂਬਰ ਨੂੰ ਰੈਲੀ-ਰੈਲੀ ਖੇਡ ਰਹੇ ਹਨ ਤਾਂ ਕਿ ਬਰਗਾੜੀ ਦੇ ਮੁੱਦੇ ਤੋਂ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਆਸਥਾ ਦਾ ਮੁੱਦਾ ਹੈ, ਜਿਸ 'ਤੇ ਰਾਜਨੀਤੀ ਨਹੀਂ ਇਨਸਾਫ਼ ਹੋਣਾ ਚਾਹੀਦਾ ਹੈ, ਕਿਉਂਕਿ ਇਨਸਾਫ਼ ਮੁੱਖ ਮੰਤਰੀ ਨੇ ਕਰਨਾ ਹੈ ਇਸ ਲਈ 'ਆਪ' ਵਿਧਾਇਕ ਅਤੇ ਸੰਸਦ ਮੈਂਬਰ 7 ਅਕਤੂਬਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਦੇ ਘਰ ਸਾਹਮਣੇ ਸ਼ਾਂਤੀਪੂਰਵਕ ਭੁੱਖ ਹੜਤਾਲ 'ਤੇ ਬੈਠਣਗੇ।